Punjab ਦੇ ਪੁੱਤ ਹਰਮਨਪ੍ਰੀਤ ਸਿੰਘ ਨੇ ਵਧਾਇਆ ਮਾਣ
- 17 ਜਨਵਰੀ ਨੂੰ ਖੇਡ ਰਤਨ ਪੁਰਸਕਾਰ ਨਾਲ ਹੋਣਗੇ ਸਨਮਾਨਿਤ
- ਇਨ੍ਹਾਂ ਤਿੰਨ ਖਿਡਾਰੀਆਂ ਨੂੰ ਵੀ ਮਿਲੇਗਾ ਖੇਡ ਰਤਨ
ਨਵੀਂ ਦਿੱਲੀ,2 ਜਨਵਰੀ: ਖੇਡ ਮੰਤਰਾਲੇ ਨੇ ਵੀਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦਾ ਐਲਾਨ ਕੀਤਾ। ਭਾਰਤੀ ਹਾਕੀ ਟੀਮ ਦੇ ਕਪਤਾਨ ਅਤੇ ਸ਼ਾਨਦਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਆਪਣੀ ਜ਼ਬਰਦਸਤ ਖੇਡ ਤੇ ਅਸਾਧਾਰਨ ਪ੍ਰਦਰਸ਼ਨ ਲਈ ਇਸ ਸਾਲ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਦਿੱਤਾ ਜਾਵੇਗਾ। 6 ਜਨਵਰੀ 1996 ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਵਿੱਚ ਜਨਮੇ ਹਰਮਨਪ੍ਰੀਤ ਸਿੰਘ ਦੇ ਕਰੀਅਰ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਟੋਕੀਓ 2020 ਓਲੰਪਿਕ ਵਿੱਚ ਕਾਂਸੀ ਦਾ ਤਗਮਾ, 2023 ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਅਤੇ ਪੈਰਿਸ ਓਲੰਪਿਕ 2024 ਵਿੱਚ ਕਾਂਸੀ ਦਾ ਤਗਮਾ ਹਨ।
ਹਰਮਨਪ੍ਰੀਤ ਸਿੰਘ ਤੋਂ ਇਲਾਵਾ ਓਲੰਪਿਕ ਡਬਲ ਮੈਡਲ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ, ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼, ਅਤੇ ਪੈਰਾ ਐਥਲੀਟ ਖਿਡਾਰੀ ਪ੍ਰਵੀਨ ਕੁਮਾਰ ਨੂੰ ਵੀ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ 5 ਕੋਚਾਂ ਨੂੰ ਦਰੋਣਾਚਾਰੀਆ ਪੁਰਸਕਾਰ ਮਿਲੇਗਾ, ਜਿਨ੍ਹਾਂ ‘ਚੋਂ 2 ਲਾਈਫ ਟਾਈਮ ਅਚੀਵਮੈਂਟ ਲਈ ਹਨ। ਅਰਜੁਨ ਐਵਾਰਡ 34 ਖਿਡਾਰੀਆਂ ਨੂੰ ਦਿੱਤਾ ਜਾਵੇਗਾ। ਇਹ ਇਨਾਮ ਵੰਡ ਸਮਾਰੋਹ 17 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ ਹੋਵੇਗਾ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/