ਨਗਰ ਨਿਗਮ Kapurthala ਵਲੋਂ ਵਪਾਰਕ ਜਾਇਦਾਦਾਂ ਨੂੰ ਪ੍ਰਾਪਰਟੀ ਟੈਕਸ ਤੁਰੰਤ ਜਮ੍ਹਾਂ ਕਰਵਾਉਣ ਦੇ ਹੁਕਮ
ਟੈਕਸ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਇਮਾਰਤਾਂ ਨੂੰ ਸੀਲ ਕਰਨ ਦੀ ਕਾਰਵਾਈ ਹੋਵੇਗੀ ਸ਼ੁਰੂ
ਕਪੂਰਥਲਾ 19 ਦਸੰਬਰ (ਵਿਸ਼ਵ ਵਾਰਤਾ):- ਨਗਰ ਨਿਗਮ ਕਪੂਰਥਲਾ ਵਲੋਂ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਇਮਾਰਤਾਂ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਪ੍ਰਾਪਰਟੀ ਟੈਕਸ ਨਾ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਜੇਕਰ ਇਨ੍ਹਾਂ ਇਮਾਰਤਾਂ ਦੇ ਮਾਲਕਾਂ ਵਲੋਂ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਇਆ ਗਿਆ ਤਾਂ ਪ੍ਰਾਪਰਟੀ ਟੈਕਸ ਜੁਰਮਾਨੇ ਅਤੇ ਵਿਆਜ਼ ਸਮੇਤ ਵਸੂਲਣ ਦੀ ਵਿਵਸਥਾ ਹੈ।
ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਟੈਕਸ ਨਾ ਜਮ੍ਹਾਂ ਕਰਵਾਉਣ ਦੀ ਸੂਰਤ ਵਿਚ ਇਮਾਰਤਾਂ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਲੋਕ ਪ੍ਰਾਪਰਟੀ ਟੈਕਸ ਭਰਣ ਸਮੇਂ ਪਿਛਲੇ ਸਾਲ ਦੀ ਰਸੀਦ ਲੈ ਕੇ ਆਉਣ।
ਉਨ੍ਹਾਂ ਇਹ ਵੀ ਦੱਸਿਆ ਕਿ ਨਗਰ ਨਿਗਮ ਵਲੋਂ ਕੁਝ ਸ਼੍ਰੇਣੀਆਂ ਨੂੰ ਪ੍ਰਾਪਰਟੀ ਟੈਕਸ ਸਬੰਧੀ ਪੂਰਨ ਜਾਂ ਅੰਸ਼ਿਕ ਛੋਟ ਹੈ। ਇਨ੍ਹਾਂ ਵਿਚ ਸੁਤੰਤਰਤਾ ਸੰਗ੍ਰਾਮੀ ਜਿਨਾਂ ਨੂੰ ਕੇਂਦਰ ਜਾਂ ਰਾਜ ਸਰਕਾਰ ਤੋਂ ਪੈਨਸ਼ਨ ਮਿਲਦੀ ਹੋਵੇ, ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਵਿਅਕਤੀ ਜਿਨ੍ਹਾਂ ਕੋਲ ਇਸ ਸਬੰਧੀ ਜਾਰੀ ਕੀਤਾ ਗਿਆ ਲੋੜੀਂਦਾ ਪ੍ਰਮਾਣ ਹੋਵੇ ਅਤੇ ਫੌਜੀ/ਸਾਬਕਾ ਫੌਜੀਆਂ ਨੂੰ ਪੂਰੀ ਛੋਟ ਦਿੱਤੀ ਜਾਵੇਗੀ।
ਇਸ ਤੋਂ ਇਲ਼ਾਵਾ ਵਿਧਵਾਵਾਂ ਨੂੰ ਪ੍ਰਤੀ ਸਾਲ 5 ਹਜ਼ਾਰ ਰੁਪਏ ਤੱਕ ਛੋਟ ਦਿੱਤੀ ਜਾਵੇਗੀ। ਇਸੇ ਤਰ੍ਹਾਂ ਅੰਗਹੀਣ ਵਿਅਕਤੀ, ਜਿਹੜੇ ਇੰਨਕਮ ਟੈਕਸ ਐਕਟ ਦੀ 1961 ਦੀ ਧਾਰਾ 80/ਓ ਅਧੀਨ ਛੋਟ ਦੇ ਅਧਿਕਾਰੀ ਹਨ ਨੂੰ 5000/- ਰੁਪਏ ਤੱਕ ਟੈਕਸ ਦੀ ਛੋਟ ਹੋਵੇਗੀ ।
ਇਸ ਤੋਂ ਇਲਾਵਾ ਸਰਕਾਰੀ ਸਕੂਲ/ਕਾਲਜ਼ ਅਤੇ ਸਰਕਾਰ ਵਲੋਂ ਸਹਾਇਤਾ ਪ੍ਰਾਪਤ ਸਕੂਲ ਕਾਲਜ ਤੋਂ ਇਲਾਵਾ ਬਾਕੀ ਵਿਦਿਅਕ ਸੰਸਥਾਵਾਂ ਨੂੰ 50 ਫੀਸਦੀ ਤੱਕ ਛੋਟ ਮਿਲੇਗੀ। ਇਸੇ ਤਰ੍ਹਾਂ ਖਾਲੀ ਪਲਾਟ ਅਤੇ 50 ਵਰਗ ਗੱਜ ਤੱਕ ਬਣੇ ਮਕਾਨਾਂ (ਮੰਜਿਲਾਂ ਦੀ ਕੋਈ ਸ਼ਰਤ ਨਹੀਂ ) ਤੇ ਪ੍ਰਾਪਰਟੀ ਟੈਕਸ ਨਹੀਂ ਲਗੇਗਾ। ਇਸੇ ਤਰ੍ਹਾਂ 125 ਵਰਗ ਗਜ ਤੱਕ ਬਣੇ ਸਿੰਗਲ ਸਟੋਰੀ ਰਿਹਾਇਸ਼ੀ ਮਕਾਨਾਂ (ਜਿਸ ਵਿੱਚ ਮਾਊਂਟੀ ਅਤੇ ਪਾਣੀ ਦੀ ਟੈਂਕੀ ਵੀ ਸ਼ਾਮਿਲ ਹੈ) ਅਤੇ 500 ਵਰਗ ਫੁੱਟ ਸੁਪਰ ਏਰੀਏ ਤੱਕ ਰਿਹਾਇਸ਼ੀ ਫਲੈਟਾਂ ’ਤੇ ਕੋਈ ਟੈਕਸ ਨਹੀਂ ਹੋਵੇਗਾ
ਉਨ੍ਹਾ ਇਹ ਸਪੱਸ਼ਟ ਕੀਤਾ ਕਿ ਪ੍ਰਾਪਰਟੀ ਟੈਕਸ ਦੀ ਰਿਟਰਨ ਹਰ ਵਿਅਕਤੀ ਵਲੋਂ ਭਰੀ ਜਾਣੀ ਜ਼ਰੂਰੀ ਹੈ ਭਾਵੇਂ ਕਿ ਉਸਨੂੰ ਪ੍ਰਾਪਰਟੀ ਟੈਕਸ ਤੋਂ ਛੋਟ ਹੋਵੇ।