MOHALI : ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਐੱਸ.ਏ.ਐੱਸ.ਨਗਰ ਵੱਲੋਂ “ਵੱਡੇ ਤੜਕੇ ਦਾ ਸੁਪਨਾ” ਪੁਸਤਕ ’ਤੇ ਵਿਚਾਰ ਚਰਚਾ ਆਯੋਜਿਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ,7 ਮਾਰਚ(ਵਿਸ਼ਵ ਵਾਰਤਾ) MOHALI : ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸਾਹਿਤਕ ਸੱਥ, ਐੱਸ.ਏ.ਐੱਸ.ਨਗਰ (Sahibzada Ajit Singh Nagar) ਦੇ ਸਹਿਯੋਗ ਨਾਲ ਡਾ. ਸੁਰਿੰਦਰ ਕੌਰ ਚੌਹਾਨ ਦੇ ਕਹਾਣੀ ਸੰਗ੍ਰਹਿ ‘ਵੱਡੇ ਤੜਕੇ ਦਾ ਸੁਪਨਾ’ ’ਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਇਸ ਸਮਾਗਮ ਦੀ ਪੱਧਾਨਗੀ ਡਾ. ਸੁਰਿੰਦਰ ਕੁਮਾਰ ਦਵੇਸ਼ਵਰ (ਸਾਬਕਾ ਪ੍ਰੋਫ਼ੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਦੇ ਤੌਰ ‘ਤੇ ਸ਼੍ਰੀ ਐੱਸ.ਕੇ.ਅਗਰਵਾਲ (ਪ੍ਰਧਾਨ, ਜ਼ਿਲ੍ਹਾ ਖਪਤਕਾਰ ਕਮਿਸ਼ਨ, ਐੱਸ.ਏ.ਐੱਸ.ਨਗਰ) ਸ਼ਾਮਿਲ ਹੋਏ ਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਮੇਘਾ ਸਿੰਘ (ਸਾਬਕਾ ਸਹਾਇਕ ਸੰਪਾਦਕ, ਪੰਜਾਬੀ ਟ੍ਰਿਬਿਊਨ) ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਉਪਰੰਤ ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸ੍ਰੋਤਿਆਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਕਰਵਾਈ ਜਾ ਰਹੀ ਵਿਚਾਰ ਚਰਚਾ ਦੇ ਮਨੋਰਥ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। 
ਪ੍ਰਧਾਨਗੀ ਭਾਸ਼ਣ ਵਿੱਚ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਨੇ ਕਹਾਣੀ ਸੰਗ੍ਰਹਿ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਕਹਾਣੀਕਾਰਾ ਨੇ ਸਮਾਜ ਨੂੰ ਜੋ ਸੁਨੇਹਾ ਦੇਣ ਦਾ ਉਦੇਸ਼ ਲੈ ਕੇ ਇਹ ਕਥਾ ਸੰਗ੍ਰਹਿ ਸਿਰਜਿਆ ਹੈ ਉਸ ਨੂੰ ਪ੍ਰਗਟਾਉਣ ਵਿੱਚ ਉਹ ਪੂਰੀ ਤਰ੍ਹਾਂ ਸਫਲ ਰਹੀ ਹੈ। ਇਸ ਵਿਚਲੀ ਪਾਤਰ ਉਸਾਰੀ ਬੜੇ ਮਨੋਵਿਗਿਆਨਿਕ ਢੰਗ ਨਾਲ ਕੀਤੀ ਗਈ ਹੈ। ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਐੱਸ.ਕੇ.ਅਗਰਵਾਲ ਨੇ ਪੁਸਤਕ ਦੀ ਮੁਬਾਰਕਬਾਦ ਦਿੰਦਿਆ ਆਖਿਆ ਕਿ ਇਸ ਵਿਚਲੀ ਹਰ ਕਹਾਣੀ ਅੰਦਰ ਅੰਤਰ-ਦਵੰਧ ਦੀ ਗਾਥਾ ਚਿਤਰੀ ਗਈ ਹੈ। ਪ੍ਰਸਥਿਤੀਆਂ ਵਿੱਚ ਘਿਰੇ ਪਾਤਰ ਕਸ਼ਮਕਸ਼ ਵਿੱਚ ਜਾਪਦੇ ਹਨ। ਕਹਾਣੀਕਾਰਾ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀ ਸੁਭਾਅ ਨੂੰ ਸਮਝ ਕੇ ਇਹ ਕਿਤਾਬ ਲਿਖੀ ਹੈ। ਵਿਸ਼ੇਸ਼ ਮਹਿਮਾਨ ਡਾ. ਮੇਘਾ ਸਿੰਘ ਵੱਲੋਂ ਆਖਿਆ ਗਿਆ ਕਿ ਇਹ ਕਹਾਣੀਆਂ ਸਾਨੂੰ ਪਰਵਾਸ ਹੰਢਾ ਰਹੇ ਬਜ਼ੁਰਗਾਂ ਅਤੇ ਵਿਦਿਆਰਥੀਆਂ ਖ਼ਾਸ ਕਰਕੇ ਲੜਕੀਆਂ ਦੇ ਮਾਨਸਿਕ ਸੰਤਾਪ ਅਤੇ ਦਰਦਮਈ ਹਾਲਾਤਾਂ ਤੋਂ ਜਾਣੂ ਕਰਵਾਉਂਦੀਆਂ ਹਨ।
ਕਹਾਣੀਕਾਰਾ ਡਾ. ਸੁਰਿੰਦਰ ਕੌਰ ਚੌਹਾਨ ਵੱਲੋਂ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਦੇ ਹੋਏ ਆਖਿਆ ਗਿਆ ਕਿ ਸਮਕਾਲੀ ਸਮਾਜ ਵਿੱਚ ਰਿਸ਼ਤਿਆਂ ਦੇ ਸਮੀਕਰਨ ਬਦਲ ਰਹੇ ਹਨ ਜਿਨ੍ਹਾਂ ਦੇ ਦੁਆਲੇ ਇਹ ਕਹਾਣੀ-ਸੰਗ੍ਰਹਿ ਘੁੰਮਦਾ ਹੈ। ਡਾ. ਦਵਿੰਦਰ ਸਿੰਘ ਬੋਹਾ ਅਨੁਸਾਰ ਇਹ ਕਹਾਣੀਆਂ ਪਰਵਾਸੀ ਧਰਤੀ ‘ਤੇ ਵਿਚਰ ਰਹੇ ਪੰਜਾਬੀ ਬੰਦੇ ਦੇ ਮਨ ਅੰਦਰ ਜਨਮਭੂਮੀ ਪ੍ਰਤ ਪ੍ਰਤੀ ਹੇਰਵੇ ਦੇ ਨਾਲ-ਨਾਲ
ਔਰਤ ਦੀ ਹਾਲਤ, ਉਸ ਦੀ ਮਨੋਦਸ਼ਾ ਅਤੇ ਸਥਿਤੀਆਂ ਨਾਲ ਨਿਪਟਣ ਦੀ ਬਾਤ ਪਾਉਂਦੀਆਂ ਹਨ।
ਪਰਚਾ ਲੇਖਕ ਪੁਸ਼ਪਿੰਦਰ ਕੌਰ ਪਟਿਆਲਾ ਵੱਲੋਂ ਕਹਾਣੀ ਸੰਗ੍ਰਹਿ ਬਾਬਤ ਭਾਵਪੂਰਤ ਪਰਚਾ ਪੜ੍ਹਦੇ ਹੋਏ ਆਖਿਆ ਗਿਆ ਕਿ ਇਹ ਕਹਾਣੀ ਸੰਗ੍ਰਹਿ ਪਰਵਾਸੀ ਧਰਤੀ ‘ਤੇ ਵਿਚਰਦਿਆਂ ਪੰਜਾਬੀ ਸੱਭਿਆਚਾਰਾਂ ਦੇ ਰੂਪਾਂਤਰਨ, ਰਿਸ਼ਤਿਆਂ ਦੇ ਬਦਲਦੇ ਸਰੂਪ, ਧਾਰਮਿਕ ਕੱਟੜਤਾ ਅਤੇ ਔਰਤ ਦੀ ਸਥਿਤੀ ਸਬੰਧੀ ਅਨੇਕਾਂ ਪਹਿਲੂ ਉਜਾਗਰ ਕਰਦਾ ਹੈ। ਡਾ. ਜਗਤਾਰ ਸਿੰਘ ਜੋਗਾ ਅਨੁਸਾਰ ਡਾ. ਸੁਰਿੰਦਰ ਕੌਰ ਚੌਹਾਨ ਦਾ ਕਹਾਣੀ ਸੰਗ੍ਰਹਿ ਸਾਡੇ ਸਮਕਾਲੀ ਸਮਾਜ ਦਾ ਯਥਾਰਥ ਚਿਤਰਨ ਹੈ ਅਤੇ ਚੇਤਨਮਈ ਹਾਲਾਤਾਂ ਦੀ ਬਾਤ ਪਾਉਂਦਾ ਹੈ। ਗੁਰਮੇਲ ਸਿੰਘ ਮੋਜੋਵਾਲ ਅਨੁਸਾਰ ਇਹ ਕਹਾਣੀਆਂ ਸਾਡੀ ਚੇਤਨਾ ਨੂੰ ਦਿਸ਼ਾ ਪ੍ਰਦਾਨ ਕਰਨ ਵਾਲੀਆਂ ਹਨ ਕਿਉਂਕਿ ਇਸ ਦੇ ਪਾਤਰ ਸਾਡੇ ਆਲੇ-ਦੁਆਲੇ ਵਿਚਰਦੇ ਜਾਪਦੇ ਹਨ। ਇਸ ਮੌਕੇ ਸ. ਜਗਰੂਪ ਸਿੰਘ ਝੁਨੀਰ ਸਿੰਘ ਵੱਲੋਂ ਆਪਣੇ ਗੀਤ ਨਾਲ ਹਾਜ਼ਰੀ ਲਵਾਈ ਗਈ।
ਇਸ ਸਮਾਗਮ ਵਿਚ ਪ੍ਰੋ. ਜਲੌਰ ਸਿੰਘ ਖੀਵਾ, ਕੇ.ਐੱਸ.ਗੁਰੂ, ਡਾ.ਸੁਨੀਤਾ ਰਾਣੀ, ਗੁਰਪ੍ਰੀਤ ਸਿੰਘ ਨਿਆਮੀਆਂ, ਧਿਆਨ ਸਿੰਘ ਕਾਹਲੋਂ, ਪਰਵਿੰਦਰ ਸਿੰਘ, ਬਲਕਾਰ ਸਿੰਘ ਸਿੱਧੂ, ਰਾਜ ਕੁਮਾਰ ਸਾਹੋਵਾਲੀਆ, ਬਾਬੂ ਰਾਮ ਦੀਵਾਨਾ, ਡਾ. ਹੈਰਿਸ ਬਾਂਸਲ, ਅਮਰਜੀਤ ਕੌਰ, ਨੀਲਮ ਨਾਰੰਗ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਮਾਵੀ, ਡਾ. ਨਿਰਮਲ ਸਿੰਘ ਖੋਖਰ, ਕ੍ਰਿਸ਼ਨ ਰਾਹੀ, ਪ੍ਰੋ. ਦਿਲਬਾਗ ਸਿੰਘ, ਗੁਰਮੀਤ ਸਿੰਘਲ, ਮਨਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਬਲਦੇਵ ਸਿੰਘ ਆਦਿ ਸ਼ਖ਼ਸੀਅਤਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿੱਚ ਸਮੂਹ ਪ੍ਰਧਾਨਗੀ ਮੰਡਲ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸ੍ਰੋਤਿਆਂ ਦਾ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਸੁਖਪ੍ਰੀਤ ਕੌਰ ਨੇ ਕੀਤਾ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।