Ludhiana : ਵਿਦੇਸ਼ ਭੇਜਣ ਦੇ ਨਾਂ ‘ਤੇ ਧੋਖਾਧੜੀ ਦਾ ਨੈੱਟਵਰਕ ਚਲਾਉਣ ਵਾਲੇ ਭੈਣ-ਭਰਾ ਗ੍ਰਿਫਤਾਰ ; ਤਲਾਸ਼ੀ ਦੌਰਾਨ ਬੈੱਡ ’ਚੋਂ 1.07 ਕਰੋੜ ਰੁਪਏ ਦੀ ਨਕਦੀ ਬਰਾਮਦ
ਜਾਣੋ ਪੂਰਾ ਮਾਮਲਾ
ਲੁਧਿਆਣਾ, 8ਸਤੰਬਰ(ਵਿਸ਼ਵ ਵਾਰਤਾ) Ludhiana : ਪੰਜਾਬ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ ਧੋਖਾਧੜੀ ਦਾ ਨੈੱਟਵਰਕ ਚਲਾਉਣ ਵਾਲੇ ਇਕ ਭਰਾ-ਭੈਣ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਮਿਤ ਮਲਹੋਤਰਾ ਅਤੇ ਉਸ ਦੀ ਭੈਣ ਵਿਨੂ ਮਲਹੋਤਰਾ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਘਰ ਦੀ ਤਲਾਸ਼ੀ ਦੌਰਾਨ ਬੈੱਡ ਤੋਂ 1.07 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦੇ ਰਿਮਾਂਡ ’ਤੇ ਲਿਆ ਹੈ।
ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਭਰਾ-ਭੈਣ ਵਿਚਕਾਰ ਠੱਗੀ ਮਾਰਨ ਦਾ ਤਰੀਕਾ ਵੱਖਰਾ ਸੀ। ਇਨ੍ਹਾਂ ਦੋਵਾਂ ਨੇ ਲੋਕਾਂ ਨੂੰ ਵਿਦੇਸ਼ ਭੇਜਣ ਲਈ ਗਲੋਬਲ ਵੇਅ ਇਮੀਗ੍ਰੇਸ਼ਨ ਦੇ ਨਾਂ ‘ਤੇ ਲੁਧਿਆਣਾ ‘ਚ ਦਫਤਰ ਵੀ ਖੋਲ੍ਹਿਆ ਹੋਇਆ ਹੈ। ਇਹ ਦੋਵੇਂ ਲੋਕਾਂ ਨੂੰ ਕਹਿੰਦੇ ਸਨ ਕਿ ਵੀਜ਼ਾ ਲੱਗਣ ਤੋਂ ਬਾਅਦ ਉਹ ਪੈਸੇ ਲੈ ਲੈਣਗੇ। ਪਹਿਲਾਂ ਕਾਗਜ਼ ਪੂਰੇ ਕਰਵਾਉਣ ਦੇ ਨਾਂ ’ਤੇ ਦੋ ਲੱਖ ਰੁਪਏ ਲੈ ਲੈਂਦੇ ਸਨ। ਇਸ ਤੋਂ ਬਾਅਦ ਉਹ ਕਹਿੰਦੇ ਸਨ ਕਿ ਕਾਗਜ਼ਾਂ ਦੀ ਕਮੀ ਹੈ ਅਤੇ ਫਾਈਲ ਰੱਦ ਕਰ ਦਿੱਤੀ ਗਈ ਹੈ।
ਇੰਨਾ ਹੀ ਨਹੀਂ ਇਹ ਦੋਵੇਂ ਜਾਅਲੀ ਦਸਤਾਵੇਜ਼ ਦਿਖਾ ਕੇ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਦੱਸਦੇ ਸਨ ਕਿ ਉਨ੍ਹਾਂ ਦੀ ਫਾਈਲ ਰੱਦ ਕਰ ਦਿੱਤੀ ਗਈ ਹੈ। ਹੁਣ ਪੈਸੇ ਵਾਪਸ ਨਹੀਂ ਕੀਤੇ ਜਾਣਗੇ। ਉਸ ਦੇ ਖਿਲਾਫ ਬੋਲਣ ਵਾਲੇ ਲੋਕਾਂ ਨੂੰ ਬਾਊਂਸਰਾਂ ਨੇ ਬਾਹਰ ਕੱਢ ਦਿੱਤਾ। ਭੈਣਾਂ-ਭਰਾਵਾਂ ਨੇ ਮਿਲ ਕੇ ਸੈਂਕੜੇ ਲੋਕਾਂ ਨਾਲ ਠੱਗੀ ਮਾਰੀ ਹੈ।
ਅਗਰਵਾਲ ਨੇ ਦੱਸਿਆ ਕਿ ਦੋਸ਼ੀ ਵੀਨੂੰ ਖਿਲਾਫ ਵਿਦੇਸ਼ ਭੇਜਣ ਦੇ ਨਾਂ ‘ਤੇ ਧੋਖਾਦੇਹੀ ਦੇ ਤਿੰਨ ਪਰਚੇ ਦਰਜ ਹਨ। 25 ਦਿਨ ਪਹਿਲਾਂ ਸੰਗਰੂਰ ਦਾ ਇੱਕ ਜੋੜਾ ਆਪਣੀ ਠੱਗੀ ਦਾ ਸ਼ਿਕਾਰ ਹੋਇਆ ਪਾਣੀ ਦੀ ਟੈਂਕੀ ‘ਤੇ ਚੜ੍ਹ ਗਿਆ ਸੀ। ਉਨ੍ਹਾਂ ਦਾ ਇਲਜ਼ਾਮ ਸੀ ਕਿ ਦੋਵੇਂ ਭਰਾ-ਭੈਣ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ 18 ਲੱਖ ਰੁਪਏ ਲੈ ਲਏ ਪਰ ਵਿਦੇਸ਼ ਨਹੀਂ ਭੇਜਿਆ। ਪੁਲਿਸ ਅਜੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।