Latest News: ਆਬਜ਼ਰਵਰ ਅਭਿਨਵ ਤ੍ਰਿਖਾ ਵਲੋਂ ਚੋਣ ਤਿਆਰੀਆਂ ਦਾ ਜਾਇਜ਼ਾ
ਅਧਿਕਾਰੀਆਂ ਨੂੰ ਵੱਧ ਤੋਂ ਵੱਧ ਸਮਾਂ ਫੀਲਡ ’ਚ ਰਹਿਣ ਦੇ ਨਿਰਦੇਸ਼
ਸੁਰੱਖਿਆ ਪ੍ਰਬੰਧਾਂ, ਚੋਣ ਅਮਲੇ ਦੀ ਤਾਇਨਾਤੀ ਦੀ ਕੀਤੀ ਸਮੀਖਿਆ
ਕਪੂਰਥਲਾ 19 ਦਸੰਬਰ (ਵਿਸ਼ਵ ਵਾਰਤਾ):- ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਨਗਰ ਪੰਚਾਇਤ ਚੋਣਾਂ ਭੁਲੱਥ,ਬੇਗੋਵਾਲ,ਢਿਲਵਾਂ,ਨਡਾਲਾ ਲਈ ਤਾਇਨਾਤ ਆਬਜ਼ਰਵਰ ਸ੍ਰੀ ਅਭਿਨਵ ਤ੍ਰਿਖਾ ਆਈ.ਏ.ਐਸ. ਵਲੋਂ ਅੱਜ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨਾਲ ਮੀਟਿੰਗ ਦੌਰਾਨ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪੋਲਿੰਗ ਸਟੇਸ਼ਨਾਂ ਵਿਖੇ ਵੋਟਰਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਯਕੀਨੀ ਬਣਾਉਣ।
ਇਸ ਤੋਂ ਇਲਾਵਾ ਉਨ੍ਹਾਂ ਚੋਣ ਅਮਲੇ ਦੀ ਤਾਇਨਾਤੀ, ਪੋਲਿੰਗ ਪਾਰਟੀਆਂ ਦੀ ਰਵਾਨਗੀ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਐਸ.ਡੀ.ਐਮ. ਕਪੂਰਥਲ਼ਾ ਅਤੇ ਐਸ.ਡੀ.ਐਮ ਭੁਲੱਥ ਨੂੰ ਨਿਰਦੇਸ਼ ਦਿੱਤੇ ਕਿ ਉਹ ਹਰ ਪੋਲਿੰਗ ਕੇਂਦਰ ਦਾ ਨਿੱਜੀ ਤੌਰ ’ਤੇ ਦੌਰਾ ਕਰਨ। ਇਸ ਤੋਂ ਇਲਾਵਾ ਪੋਲਿੰਗ ਵਾਲੇ ਦਿਨ ਉੱਚ ਪ੍ਰਸ਼ਾਸ਼ਨਿਕ ਅਧਿਕਾਰੀ ਫੀਲਡ ਵਿਚ ਤਾਇਨਾਤ ਰਹਿਣ।
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਾਰਾਂ ਨਗਰ ਪੰਚਾਇਤਾਂ ਵਿਚ ਚੋਣਾਂ ਲਈ 48 ਪੋਲਿੰਗ ਬੂਥ ਬਣਾਏ ਗਏ ਹਨ,ਜਿਨ੍ਹਾਂ ਵਿਚ ਢਿਲਵਾਂ ਤੇ ਨਡਾਲਾ ਦੇ 11-11 ਅਤੇ ਬੇਗੋਵਾਲ ਤੇ ਭੁਲੱਥ ਲਈ 13-13 ਪੋਲਿੰਗ ਬੂਥ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪੋਲਿੰਗ ਪਾਰਟੀਆਂ ਦੀ ਤਾਇਨਾਤੀ ਸਬੰਧੀ ਸਮੁੱਚੇ ਪ੍ਰਬੰਧ ਮੁਕੰਮਲ ਹਨ।
ਐਸ.ਐਸ.ਪੀ. ਸ੍ਰੀ ਗੌਰਵ ਤੂਰਾ ਨੇ ਦੱਸਿਆ ਕਿ ਸ਼ਾਂਤੀਪੂਰਨ ਚੋਣਾਂ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਤਸਦੀਕ ਕਰਕੇ ਉਥੇ ਵਾਧੂ ਨਫਰੀ ਤਾਇਨਾਤ ਕੀਤੀ ਗਈ ਹੈ।
ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਆਬਜ਼ਰਵਰ ਸ੍ਰੀ ਅਭਿਨਵ ਤ੍ਰਿਖਾ ਦੇ ਨਾਲ ਲਾਇਜਨ ਅਫਸਰ ਵਜੋਂ ਪਲੇਸਮੈਂਟ ਅਫਸਰ ਵਰੁਣ ਜੋਸ਼ੀ ਨੂੰ ਤਾਇਨਾਤ ਕੀਤਾ ਗਿਆ ਹੈ,ਜਿਨ੍ਹਾਂ ਨਾਲ 85568-30060 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ,ਸੁਰੱਖਿਆ ਸਬੰਧੀ ਪੁਲਸ ਦੇ ਨੋਡਲ ਅਫਸਰ ਐਸ.ਪੀ. ਗੁਰਪ੍ਰੀਤ ਸਿੰਘ, ਐਸ.ਡੀ.ਐਮ. ਕਪੂਰਥਲਾ ਮੇਜਰ ਡਾ.ਇਰਵਿਨ ਕੌਰ, ਐਸ.ਡੀ.ਐਮ. ਭੁਲੱਥ ਡੇਵੀ ਗੋਇਲ ਹਾਜ਼ਰ ਸਨ।
ਕੈਪਸ਼ਨ- ਕਪੂਰਥਲਾ ਵਿਖੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨਾਲ ਚੋਣ ਪ੍ਰਬੰਧਾਂ ਸਬੰਧੀ ਮੀਟਿੰਗ ਕਰਦੇ ਹੋਏ ਆਬਜ਼ਰਵਰ ਸ੍ਰੀ ਅਭਿਨਵ ਤ੍ਰਿਖਾ।