Kisan Andolan : ਕਿਸਾਨ ਮਹਾਂਪੰਚਾਇਤ ਅੱਜ ਖਨੌਰੀ ਸਰਹੱਦ ‘ਤੇ
- ਮੋਰਚੇ ਵਿੱਚ ਮਨਾਇਆ ਜਾਵੇਗਾ ਗੁਰੂ ਰਵਿਦਾਸ ਦਾ ਪ੍ਰਕਾਸ ਪੁਰਬ
- 13 ਫਰਵਰੀ ਦੇ ਸਾਲਾਨਾ ਇਕੱਠ ਲਈ ਸ਼ੰਭੂ ਮੋਰਚੇ ਤੇ ਕਿਸਾਨਾਂ ਮਜਦੂਰਾਂ ਦਾ ਪਹੁੰਚਣਾ ਜਾਰੀ
ਚੰਡੀਗੜ੍ਹ, 12ਫਰਵਰੀ(ਵਿਸ਼ਵ ਵਾਰਤਾ) Kisan Andolan : ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ 2.0 ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ। ਇਸ ਮੌਕੇ ‘ਤੇ, ਅੱਜ (12 ਫਰਵਰੀ) ਨੂੰ ਖਨੌਰੀ ਸਰਹੱਦ ‘ਤੇ ਕਿਸਾਨ ਮਹਾਂਪੰਚਾਇਤ ਹੋਣ ਜਾ ਰਹੀ ਹੈ। ਇਸ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਜੋ 26 ਨਵੰਬਰ ਤੋਂ ਮਰਨ ਵਰਤ ‘ਤੇ ਹਨ, ਜਨਤਾ ਨੂੰ ਸੰਦੇਸ਼ ਦੇਣਗੇ।
ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ 13 ਫਰਵਰੀ 2024 ਤੋਂ ਜਾਰੀ ਅੰਦੋਲਨ ਵਿੱਚ ਰੱਖੇ ਗਏ ਸਾਲਾਨਾ ਇੱਕਠ ਪ੍ਰੋਗਰਾਮ ਦੇ ਚਲਦੇ ਕਿਸਾਨਾਂ ਮਜਦੂਰਾਂ ਦੀ ਭਰਵੀਂ ਸ਼ਮੂਲੀਅਤ ਲਈ ਪੰਜਾਬ ਅਤੇ ਹਰਿਆਣਾ ਤੋਂ ਲੋਕਾਂ ਦਾ ਪਹੁੰਚਣਾ ਜਾਰੀ ਹੈ, ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਇਹ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੀਆਂ ਜਥੇਬੰਦੀਆਂ ਦੇ ਆਗੂਆਂ ਦੀ 3 ਘੰਟੇ ਤੱਕ ਮੀਟਿੰਗ ਹੋਈ, ਜਿਸ ਵਿੱਚ ਲੰਗਰਾਂ, ਪਾਰਕਿੰਗ, ਪਾਣੀ ਦੀ ਸੁਵਿਧਾ ਅਤੇ ਸਟੇਜ ਸੰਚਾਲਨ ਆਦਿ ਕੰਮ ਸਬੰਧੀ ਵਿਉਂਤਬੰਦੀ ਕੀਤੀ ਗਈ। ਉਨ੍ਹਾਂ ਜਾਣਕਾਰੀ ਦਿੱਤੀ ਕਿ 12 ਫਰਵਰੀ ਨੂੰ ਗੁਰੂ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਮੌਕੇ ਸ਼ੰਭੂ ਮੋਰਚੇ ਦੀ ਸਟੇਜ ਤੋਂ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਪਣੇ ਸਮੇਂ ਦੇ ਮਹਾਨ ਵਿਦਵਾਨ ਦੁਆਰਾ ਦਿੱਤੇ ਗਏ ਬਰਾਬਰਤਾ ਅਤੇ ਮਾਨਵਤਾਵਾਦੀ ਸੰਦੇਸ਼ ਨੂੰ ਅਪਣਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਰੁਝੇਵਿਆਂ ਦੇ ਬਾਵਜੂਦ ਬੁੱਧਵਾਰ ਨੂੰ(12ਫਰਵਰੀ) ਚੰਡੀਗੜ੍ਹ ਐਸ ਕੇ ਐਮ, ਭਾਰਤ ਨਾਲ ਹੋਣ ਜਾ ਰਹੀ ਏਕਤਾ ਮੀਟਿੰਗ ਵਿੱਚ ਦਿੱਲੀ ਅੰਦੋਲਨ 2 ਵੱਲੋਂ ਵਫ਼ਦ ਸ਼ਾਮਿਲ ਹੋਵੇਗਾ ਅਤੇ ਆਸ ਕਰਦੇ ਹਾਂ ਕਿ ਕਿਸਾਨਾਂ ਮਜਦੂਰਾਂ ਅਤੇ ਖੇਤੀ ਸੈਕਟਰ ਨੂੰ ਬਚਾਉਣ ਦੇ ਸੰਘਰਸ਼ ਵਿੱਚ ਸਾਰੀਆਂ ਜਥੇਬੰਦੀਆਂ ਇੱਕਜੁੱਟ ਹੋ ਕੇ ਯੋਗਦਾਨ ਪਾਉਣ ਲਈ ਹਾਮੀਂ ਭਰਨ ਨੂੰ ਤਿਆਰ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਬੀਤੀ ਸ਼ਾਮ ਸ਼ੰਭੂ ਮੋਰਚੇ ਤੇ ਪਹੁੰਚੇ ਨੌਜਵਾਨ ਅਥਲੀਟ ਦਿਲਪ੍ਰੀਤ ਸਿੰਘ, ਜਿਨ੍ਹਾਂ ਨੇ ਦਿੱਲੀ ਅੰਦੋਲਨ 2 ਦੇ ਹੱਕ ਵਿੱਚ ਦੌੜ ਲਗਾ ਕੇ ਦਿੱਲੀ ਪਹੁੰਚ ਕੇ ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਦੇ ਪੱਖ ਵਿੱਚ ਆਵਾਜ਼ ਬੁਲੰਦ ਕੀਤੀ, ਨੂੰ ਕਿਸਾਨ ਮਜਦੂਰ ਮੋਰਚੇ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤਮਾਮ ਔਕੜਾਂ ਦੇ ਬਾਵਜੂਦ ਦਿੱਲੀ ਅੰਦੋਲਨ ਭਾਰਤ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਤੇ ਸੂਰਜ ਵਾਂਗ ਚਮਕ ਰਿਹਾ ਹੈ ਅਤੇ ਆਉਂਦੇ ਦਿਨਾਂ ਵਿੱਚ ਹੋਰ ਵਿਆਪਕ ਅਸਰ ਪਾਉਂਦਾ ਹੋਇਆ ਐਮ ਐਸ ਪੀ ਗਰੰਟੀ ਕਨੂੰਨ ਅਤੇ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੈਣ, ਕਿਸਾਨ ਮਜ਼ਦੂਰ ਦੀ ਕਰਜ਼ ਮੁਕਤੀ, ਮਨਰੇਗਾ ਤਹਿਤ ਸਾਲ ਵਿੱਚ 200 ਦਿਨ ਰੁਜਗਾਰ ਅਤੇ ਦਿਹਾੜੀ 700 ਕਰਨ, ਕਿਸਾਨ ਮਜਦੂਰ ਲਈ ਪੈਨਸ਼ਨ ਸਕੀਮ, ਆਦਿਵਾਸੀਆਂ ਲਈ ਸੰਵਿਧਾਨ ਦੀ ਪੰਜਵੀਂ ਸੂਚੀ ਲਾਗੂ ਕਰਨ ਸਮੇਤ ਸਾਰੀਆਂ ਮੰਗਾਂ ਦੇ ਹੱਲ ਕਰਨ ਤੱਕ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਜਸਵਿੰਦਰ ਸਿੰਘ ਲੌਂਗੋਵਾਲ, ਬਲਕਾਰ ਸਿੰਘ ਬੈਂਸ, ਹਰਜੀਤ ਸਿੰਘ ਮਾਂਗਟ, ਤੇਜਬੀਰ ਸਿੰਘ (ਹਰਿਆਣਾ) , ਨੰਦ ਕੁਮਾਰ ( ਤਾਮਿਲਨਾਡੂ) ਹਰਪ੍ਰੀਤ ਸਿੰਘ ਬਹਿਰਾਮਕੇ, ਜੰਗ ਸਿੰਘ ਭਟੇੜੀ, ਜਰਮਨਜੀਤ ਸਿੰਘ ਬੰਡਾਲਾ, ਬਾਜ਼ ਸਿੰਘ ਸਾਰੰਗੜਾ, ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਚਾਟੀਵਿੰਡ ਅਤੇ ਕੰਵਰਦਲੀਪ ਸੈਦੋਲੇਹਲ ਤੋਂ ਇਲਾਵਾ ਸੈਕੜੇ ਕਿਸਾਨ ਮਜਦੂਰ ਹਾਜ਼ਿਰ ਰਹੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/