Kejriwal ਦਾ ਕੇਂਦਰ ਦੇ ਵੱਡਾ ਸਿਆਸੀ ਹਮਲਾ, ਕਿਹਾ ਅੰਗਰੇਜ਼ਾਂ ਤੋਂ ਬਾਅਦ ਭਾਰਤ ਵਿੱਚ ਸਭ ਤੋਂ ਕਰੂਰ ਸ਼ਾਸਨ
ਨਵੀਂ ਦਿੱਲੀ 15 ਸਤੰਬਰ ( ਵਿਸ਼ਵ ਵਾਰਤਾ ): ਸੁਪਰੀਮ ਕੋਰਟ ਵੱਲੋਂ ਜਮਾਨਤ ਦਿੱਤੇ ਜਾਣ ਤੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਹਿਲੀ ਵਾਰ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ ਹੈ। ਆਪਣੇ ਇਸ ਸੰਬੋਧਨ ਦੇ ਵਿੱਚ ਪਾਰਟੀ ਸੁਪਰੀਮੋ ਨੇ ਕੇਂਦਰ ਸਰਕਾਰ ਤੇ ਵੱਡਾ ਸਿਆਸੀ ਹਮਲਾ ਕੀਤਾ ਹੈ। ਇਸ ਮੌਕੇ ਉਹਨਾਂ ਸਟੇਜ ਤੇ ਭਗਤ ਸਿੰਘ ਦੀ ਇੱਕ ਕਿਤਾਬ ਦਿਖਾਈ ਅਤੇ ਭਗਤ ਸਿੰਘ ਵੱਲੋਂ ਲਿਖੀਆਂ ਚਿੱਠੀਆਂ ਦਾ ਵੀ ਜ਼ਿਕਰ ਕੀਤਾ । ਉਹਨਾਂ ਕਿਹਾ ਕਿ ਉਸ ਵੇਲੇ ਅੰਗਰੇਜ਼ਾਂ ਦਾ ਸ਼ਾਸਨ ਸੀ ਪਰ ਅੰਗਰੇਜ਼ਾਂ ਨੇ ਭਗਤ ਸਿੰਘ ਦੀਆਂ ਲਿਖੀਆਂ ਸਾਰੀਆਂ ਚਿੱਠੀਆਂ ਪਹੁੰਚਾਈਆਂ। ਚਾਹੇ ਉਹ ਚਿੱਠੀਆਂ ਉਹਨਾਂ ਨੇ ਆਪਣੇ ਕ੍ਰਾਂਤੀਕਾਰੀ ਸਾਥੀਆਂ ਨੂੰ ਲਿਖੀਆਂ ਸਨ ਅਤੇ ਚਾਹੇ ਆਮ ਲੋਕਾਂ ਨੂੰ ਭਗਤ ਸਿੰਘ ਦੀਆਂ ਇਹ ਚਿੱਠੀਆਂ ਅੰਗਰੇਜ਼ਾਂ ਵੱਲੋਂ ਪਹੁੰਚਾਈਆਂ ਗਈਆਂ। ਉਹਨਾਂ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹਨਾਂ ਨੇ 15 ਅਗਸਤ ਵੇਲੇ ਦਿੱਲੀ ਦੇ ਐਲਜੀ ਨੂੰ ਇੱਕ ਚਿੱਠੀ ਲਿਖੀ ਸੀ ਪਰ ਉਹ ਚਿੱਠੀ ਐਲਜੀ ਤੱਕ ਨਹੀਂ ਪਹੁੰਚਾਈ ਗਈ। ਉਹਨਾਂ ਕਿਹਾ ਕਿ ਉਹਨਾਂ ਚਿੱਠੀ ਵਿੱਚ ਲਿਖਿਆ ਸੀ ਕਿ ਉਹਨਾਂ ਦੀ ਜਗ੍ਹਾ ਤੇ ਮੰਤਰੀ ਆਤਸ਼ੀ ਨੂੰ ਝੰਡਾ ਲਹਿਰਾਉਣ ਦੀ ਇਜਾਜ਼ਤ ਦਿੱਤੀ ਜਾਵੇ। ਉਹਨਾਂ ਦੀ ਚਿੱਠੀ ਐਲਜੀ ਤੱਕ ਨਹੀਂ ਪਹੁੰਚਾਈ ਗਈ ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਅੱਗੇ ਤੋਂ ਇਸ ਤਰ੍ਹਾਂ ਦੀ ਚਿੱਠੀ ਨਾ ਲਿਖਣ ਲਈ ਵਰਜਿਆ ਵੀ ਗਿਆ। ਕੇਜਰੀਵਾਲ ਨੇ ਇਸ ਮੌਕੇ ਜੇਲ ਦੇ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਇਲਜ਼ਾਮ ਲਗਾਏ ਹਨ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਸੰਬੋਧਨ ਨੂੰ ਉਹਨਾਂ ਦਾ ਸ਼ਕਤੀ ਪ੍ਰਦਰਸ਼ਨ ਵੀ ਸਮਝਿਆ ਜਾ ਰਿਹਾ। ਉਹਨਾਂ ਕਿਹਾ ਕਿ ਇਸ ਮੌਕੇ ਉਨਾਂ ਨੂੰ ਜੇਲ ਦੇ ਵਿੱਚ ਕਿਤਾਬਾਂ ਪੜ੍ਹਨ ਦਾ ਬਹੁਤ ਸਮਾਂ ਮਿਲਿਆ। ਉਹਨਾਂ ਨੇ ਭਗਤ ਸਿੰਘ ਦੀ ਜੇਲ ਡਾਇਰੀ ਵੀ ਪੜੀ ਅਤੇ ਰਮਾਇਣ ਅਤੇ ਗੀਤਾ ਦਾ ਵੀ ਇਸ ਸਮੇਂ ਦੌਰਾਨ ਅਧਿਐਨ ਕੀਤਾ। ਕੇਜਰੀਵਾਲ ਨੇ ਇਲਜ਼ਾਮ ਲਗਾਉਂਦੇ ਆ ਕਿਹਾ ਕਿ ਉਹਨਾਂ ਨੂੰ ਜੇਲ ਭੇਜਣ ਦਾ ਮਕਸਦ ਆਮ ਆਦਮੀ ਪਾਰਟੀ ਨੂੰ ਤੋੜਨਾ ਸੀ। ਉਹਨਾਂ ਕਿਹਾ ਕਿ ਵਿਰੋਧੀ ਸਿਆਸੀ ਪਾਰਟੀ ਦਾ ਇਹ ਮਨਸੂਬਾ ਕਦੇ ਵੀ ਕਾਮਯਾਬ ਨਹੀਂ ਹੋਵੇਗਾ। ਕੇਜਰੀਵਾਲ ਨੇ ਇਹ ਦਾਅਵਾ ਵੀ ਕੀਤਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ ਕੋਈ ਪਹਿਲਾ ਕ੍ਰਾਂਤੀਕਾਰੀ ਮੁੱਖ ਮੰਤਰੀ ਜੇਲ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ,ਤੇ ਭਗਵਾਨ ਦਾ ਹਮੇਸ਼ਾ ਹੱਥ ਰਹਿੰਦਾ ਹੈ। ਇਸ ਮੌਕੇ ਕੇਜਰੀਵਾਲ ਨੇ ਪਾਰਟੀ ਦੇ ਹੋਰ ਮਜਬੂਤ ਹੋਣ ਦਾ ਦਾਅਵਾ ਕੀਤਾ ਹੈ।