Kejriwal ਦੀ ਜ਼ਮਾਨਤ, ਲੋਕਤੰਤਰ ਦੀ ਜਿੱਤ: ਜੌੜਾਮਾਜਰਾ
ਚੰਡੀਗੜ੍ਹ, 13 ਸਤੰਬਰ (ਵਿਸ਼ਵ ਵਾਰਤਾ):- ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ Arvind Kejriwal ਨੂੰ ਜ਼ਮਾਨਤ ਦੇਣ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਜਮਹੂਰੀ ਕਦਰਾਂ-ਕੀਮਤਾਂ ਦੀ ਅਹਿਮ ਜਿੱਤ ਦੱਸਿਆ ਹੈ।
ਸ. ਚੇਤਨ ਸਿੰਘ ਜੌੜਾਮਾਜਰਾ ਨੇ ਪਾਰਟੀ ਮੈਂਬਰਾਂ ਨਾਲ ਸ੍ਰੀ ਅਰਵਿੰਦ ਕੇਜਰੀਵਾਲ ਦੀ ਰਿਹਾਈ ਦਾ ਜਸ਼ਨ ਮਨਾਉਂਦਿਆਂ ਕਿਹਾ ਕਿ Arvind Kejriwal ਨੂੰ ਜ਼ਮਾਨਤ ਦੇਣ ਦੇ ਫੈਸਲੇ ਨੇ ਤਾਨਾਸ਼ਾਹੀ ਤਾਕਤਾਂ ਨੂੰ ਸੱਚਾਈ ਅਤੇ ਇਮਾਨਦਾਰੀ ਦੀ ਤਾਕਤ ਅੱਗੇ ਝੁਕਣ ਲਈ ਮਜਬੂਰ ਕਰ ਦਿੱਤਾ ਹੈ।
ਸ. ਜੌੜਾਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਇਸ ਗੱਲ ‘ਤੇ ਕਾਇਮ ਹੈ ਕਿ ਸ੍ਰੀ ਕੇਜਰੀਵਾਲ ਖਿਲਾਫ਼ ਕੇਸ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਇਹ ਪੂਰਾ ਮਾਮਲਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਝੂਠ ਦੇ ਆਧਾਰ ‘ਤੇ ਬਣਾਇਆ ਗਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸ੍ਰੀ ਕੇਜਰੀਵਾਲ ਅਤੇ ‘ਆਪ’ ਦੀ ਸਾਖ ਨੂੰ ਢਾਹ ਲਾਉਣ ਲਈ ਝੂਠ ਦੀ ਬੁਨਿਆਦ ‘ਤੇ ਮਾਮਲੇ ਬਣਾਏ। ਸ. ਜੌੜਾਮਾਜਰਾ ਨੇ ਕਿਹਾ ਕਿ ਜ਼ਮਾਨਤ ਦੇ ਫੈਸਲੇ ਨੇ ਅੱਜ ਮੋਦੀ ਅਤੇ ਜਾਂਚ ਏਜੰਸੀਆਂ ਦੇ ਝੂਠ ਦਾ ਪਰਦਾਫਾਸ਼ ਕਰ ਦਿੱਤਾ ਹੈ।
ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਸ. ਜੌੜਾਮਾਜਰਾ ਨੇ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਕਾਨੂੰਨ ਲਾਗੂਕਰਨ ਏਜੰਸੀਆਂ ਦੀ ਦੁਰਵਰਤੋਂ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਦੀ ਕਰੜੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅਦਾਲਤ ਦਾ ਇਹ ਫੈਸਲਾ ਭਾਜਪਾ ਲਈ ਫਟਕਾਰ ਹੈ ਅਤੇ ਇਸ ਫੈਸਲੇ ਨਾਲ ਇਹ ਸੰਦੇਸ਼ ਗਿਆ ਹੈ ਕਿ ਦੇਸ਼ ਵਿੱਚ ਸੰਵਿਧਾਨ ਹੀ ਸਰਬਉੱਚ ਹੈ, ਨਾ ਕਿ ਕੋਈ ਤਾਨਾਸ਼ਾਹ।
ਕੈਬਨਿਟ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਆਪਣੀਆਂ ਵਿਰੋਧੀ ਸਿਆਸੀ ਧਿਰਾਂ ਖਿਲਾਫ਼ ਅਪਣਾਈਆਂ ਦਮਨਕਾਰੀ ਨੀਤੀਆਂ ਦੇ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਜਦੋਂ ਤਾਨਾਸ਼ਾਹੀ ਚਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਾਡਾ ਸੰਵਿਧਾਨ ਆਮ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਡਟ ਕੇ ਖੜ੍ਹਦਾ ਹੈ।