Kargil Vijay Diwas : ਪੀਐਮ ਮੋਦੀ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਬੁਲੇਟ ਪਰੂਫ ਜੈਕਟਾਂ ਦੇ ਮੁੱਦੇ ‘ਤੇ ਵਿਰੋਧੀ ਧਿਰ ਦਾ ਕੀਤਾ ਘੇਰਾਓ
ਕਾਰਗਿਲ 26ਜੁਲਾਈ (ਵਿਸ਼ਵ ਵਾਰਤਾ)Kargil Vijay Diwas : ਅੱਜ 26 ਜੁਲਾਈ ਨੂੰ ਕਾਰਗਿਲ ਜੰਗ ਵਿੱਚ ਭਾਰਤ ਦੀ ਜਿੱਤ ਦੇ 25 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਦੇ ਕਾਰਗਿਲ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਦਰਾਸ ਵਿੱਚ ਕਾਰਗਿਲ ਯੁੱਧ ਸਮਾਰਕ ਵਿੱਚ ਆਯੋਜਿਤ ਸਿਲਵਰ ਜੁਬਲੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਪੀਐਮ ਮੋਦੀ ਲੱਦਾਖ ਅਤੇ ਕਸ਼ਮੀਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ। ਕਾਰਗਿਲ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਉਨ੍ਹਾਂ ਸਾਰੇ ਬਹਾਦਰ ਸ਼ਹੀਦਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਮਾਤ ਭੂਮੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਅਸੀਂ ਨਾ ਸਿਰਫ਼ ਜੰਗ ਜਿੱਤੀ, ਸਗੋਂ ਸੱਚਾਈ, ਸੰਜਮ ਅਤੇ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਸਾਡੀ ਸੈਨਾ ਦੇ ਬਹਾਦਰ ਜਵਾਨਾਂ ਦਾ ਹਮੇਸ਼ਾ ਧੰਨਵਾਦੀ ਰਹੇਗਾ। ਇਹ ਮੇਰੀ ਖੁਸ਼ਕਿਸਮਤੀ ਹੈ ਕਿ ਕਾਰਗਿਲ ਯੁੱਧ ਦੌਰਾਨ ਮੈਂ ਇੱਕ ਆਮ ਦੇਸ਼ ਵਾਸੀ ਵਾਂਗ ਸਾਡੇ ਸੈਨਿਕਾਂ ਵਿੱਚ ਸ਼ਾਮਲ ਸੀ। ਅੱਜ ਜਦੋਂ ਮੈਂ ਕਾਰਗਿਲ ਦੀ ਧਰਤੀ ‘ਤੇ ਮੁੜ ਆਇਆ ਹਾਂ ਤਾਂ ਉਨ੍ਹਾਂ ਯਾਦਾਂ ਦਾ ਫਿਰ ਤੋਂ ਜ਼ਿੰਦਾ ਹੋਣਾ ਸੁਭਾਵਿਕ ਹੈ। ਮੈਨੂੰ ਯਾਦ ਹੈ ਕਿ ਕਿਵੇਂ ਸਾਡੀ ਫੌਜ ਨੇ ਇੰਨੀ ਉਚਾਈ ‘ਤੇ ਸਖ਼ਤ ਲੜਾਈ ਲੜੀ ਸੀ। ਮੈਂ ਉਨ੍ਹਾਂ ਬਹਾਦਰ ਯੋਧਿਆਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਨੂੰ ਜਿੱਤ ਦਿਵਾਈ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਨਾ ਦੇ ਬਹਾਦਰ ਜਵਾਨੋ ਅਤੇ ਮੇਰੇ ਪਿਆਰੇ ਦੇਸ਼ ਵਾਸੀਓ, ਅੱਜ ਲੱਦਾਖ ਦੀ ਇਹ ਮਹਾਨ ਧਰਤੀ ਕਾਰਗਿਲ ਜਿੱਤ ਦੀ 25ਵੀਂ ਵਰ੍ਹੇਗੰਢ ਦੀ ਗਵਾਹ ਹੈ। ਇਹ ਦੱਸਦਾ ਹੈ ਕਿ ਦੇਸ਼ ਲਈ ਕੀਤੀਆਂ ਕੁਰਬਾਨੀਆਂ ਅਮਰ ਹਨ। ਦਿਨ, ਮਹੀਨੇ, ਸਾਲ ਅਤੇ ਸਦੀਆਂ ਬੀਤ ਜਾਂਦੀਆਂ ਹਨ। ਰੁੱਤਾਂ ਬਦਲਦੀਆਂ ਰਹਿੰਦੀਆਂ ਹਨ ਪਰ ਦੇਸ਼ ਦੀ ਰਾਖੀ ਲਈ ਜਾਨਾਂ ਜੋਖ਼ਮ ਵਿੱਚ ਪਾਉਣ ਵਾਲਿਆਂ ਦੇ ਨਾਮ ਅਮਰ ਰਹਿੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਫੌਜ ਦੇ ਸੁਧਾਰਾਂ ‘ਤੇ ਸਵਾਲ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਫੌਜ ਨੂੰ ਆਧੁਨਿਕ ਲੜਾਕੂ ਜਹਾਜ਼ ਮੁਹੱਈਆ ਨਹੀਂ ਕਰਵਾਏ ਅਤੇ ਬੁਲੇਟਪਰੂਫ ਜੈਕਟਾਂ ਦੀ ਘਾਟ ਬਰਕਰਾਰ ਰੱਖੀ। ਅਗਨੀਪੱਥ ਯੋਜਨਾ ਦੀ ਤਾਰੀਫ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਸ ਨਾਲ ਦੇਸ਼ ਦੀ ਸੁਰੱਖਿਆ ਮਜ਼ਬੂਤ ਹੋਵੇਗੀ ਅਤੇ ਨੌਜਵਾਨ ਦੇਸ਼ ਦੀ ਸੇਵਾ ਲਈ ਅੱਗੇ ਆਉਣਗੇ।