Kapurthala News: ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵਲੋਂ ਕਪੂਰਥਲਾ ਦਾ ਦੌਰਾ
ਕਮਾਲਪੁਰ ਗਊਸ਼ਾਲਾ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਦੇ ਨਿਰਦੇਸ਼
ਡਿਪਟੀ ਕਮਿਸ਼ਨਰ ਵੱਲੋਂ ਬੇਸਹਾਰਾ ਪਸ਼ੂ ਧੰਨ ਦੀ ਸਾਂਭ ਸੰਭਾਲ ਲਈ ਵਿਆਪਕ ਯੋਜਨਾਬੰਦੀ ਦਾ ਭਰੋਸਾ
ਕਪੂਰਥਲਾ, 27 ਫਰਵਰੀ (ਵਿਸ਼ਵ ਵਾਰਤਾ):- ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਕਮਿਸ਼ਨ ਬੇਸਹਾਰਾ ਪਸ਼ੂ ਧੰਨ ਦੀ ਸਾਂਭ ਸੰਭਾਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ ।
ਅੱਜ ਕਪੂਰਥਲਾ ਜ਼ਿਲ੍ਹੇ ਦਾ ਦੌਰਾ ਕਰਨ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸ੍ਰੀ ਸਿੰਗਲਾ ਨੇ ਕਿਹਾ ਕਿ ਸਰਕਾਰੀ ਕੈਟਲ ਪੌਂਡਾਂ ਦੇ ਵਿਸਥਾਰ ਦੇ ਨਾਲ- ਨਾਲ ਪਸ਼ੂ ਧੰਨ ਲਈ ਚਾਰੇ , ਦਵਾਈਆਂ ਆਦਿ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਕੀਤਾ ਜਾ ਰਿਹਾ ਹੈ ।
ਉਨ੍ਹਾਂ ਮੀਟਿੰਗ ਦੌਰਾਨ ਪ੍ਸ਼ਾਸ਼ਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਮਾਲਪੁਰ ਵਿਖੇ ਸਰਕਾਰੀ ਕੈਟਲ ਪੌਂਡ ਨੂੰ ਪੂਰੀ ਸਮਰੱਥਾ ਨਾਲ ਚਲਾਇਆ ਜਾਵੇ ਤਾਂ ਜੋ ਬੇਸਹਾਰਾ ਪਸ਼ੂ ਧੰਨ ਦੀ ਮੁਕੰਮਲ ਸੰਭਾਲ ਹੋ ਸਕੇ ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਤੇ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫਸਰ ਇਹ ਯਕੀਨੀ ਬਣਾਉਣ ਕਿ ਫਗਵਾੜਾ ਤੇ ਹੋਰਨਾਂ ਖੇਤਰਾਂ ਦਾ ਬੇਸਹਾਰਾ ਪਸ਼ੂ ਧੰਨ ਕਮਾਲਪੁਰ ਵਿਖੇ ਗਊ ਸ਼ਾਲਾ ਵਿਖੇ ਭੇਜਿਆ ਜਾਵੇ ।
ਉਨ੍ਹਾਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਤੇ ਡਿਪਟੀ ਡਾਇਰੈਕਟਰ , ਵੈਟਰਨਰੀ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਕਿ ਕਮਾਲਪੁਰ ਗਊ ਸ਼ਾਲਾ ਵਿਖੇ ਪਸ਼ੂ ਧੰਨ ਦੀ ਜਾਂਚ ਲਗਾਤਾਰ ਕੀਤੀ ਜਾਵੇ ।
ਇਸ ਤੋਂ ਪਹਿਲਾਂ ਉਨ੍ਹਾਂ ਕਮਾਲਪੁਰ ਸਥਿਤ ਗਊਸ਼ਾਲਾ ਦਾ ਵੀ ਦੌਰਾ ਦੌਰਾਨ ਉਨ੍ਹਾਂ ਗਊ ਧੰਨ ਦੀ ਸਾਂਭ ਸੰਭਾਲ ਦਾ ਜਾਇਜ਼ਾ ਲਿਆ। ਗਊਸ਼ਾਲਾ ਪ੍ਰਬੰਧਕਾਂ ਕੋਲੋਂ ਉਨਾਂ ਗਊ ਧੰਨ ਦੀ ਖੁਰਾਕ, ਫੀਡ, ਚਾਰੇ ਆਦਿ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ।
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਗਊ ਧੰਨ ਦੀ ਸਾਂਭ ਸੰਭਾਲ ਲਈ ਪੂਰੀ ਵਚਨਬੱਧਤਾ ਤਹਿਤ ਕੰਮ ਕੀਤਾ ਜਾ ਰਿਹਾ ਹੈ ।ਸ੍ਰੀ ਪੰਚਾਲ ਨੇ ਕਿਹਾ ਕਿ ਲੋਕਾਂ ਨੂੰ ਗਊ ਧੰਨ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕਰਨ ਵਾਸਤੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮ. ਅਪਰਣਾ , ਡੀ ਡੀ ਪੀ ਓ ਸਤੀਸ਼ ਕੁਮਾਰ ਤੇ ਹੋਰ ਹਾਜ਼ਰ ਸਨ।