International News : ਆਸਟ੍ਰੇਲੀਆ ਨੇ 2025 ਤੱਕ ਵਿਦੇਸ਼ੀ ਵਿਦਿਆਰਥੀਆਂ ਦੀ ਐਂਟਰੀ ਕੀਤੀ ਸੀਮਿਤ ; ਭਾਰਤੀ ਵਿਦਿਆਰਥੀ ਹੋਣਗੇ ਪ੍ਰਭਾਵਿਤ
ਮੈਲਬੌਰਨ, 29ਅਗਸਤ (ਵਿਸ਼ਵ ਵਾਰਤਾ)International News: ਆਸਟ੍ਰੇਲੀਆ ਨੇ ਐਲਾਨ ਕੀਤਾ ਹੈ ਕਿ ਉਹ 2025 ਤੱਕ ਆਸਟ੍ਰੇਲੀਆ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ 2.7 ਲੱਖ ਤੱਕ ਸੀਮਤ ਕਰ ਦੇਵੇਗਾ, ਤਾਂ ਜੋ ਪ੍ਰਵਾਸ ਦੇ ਰਿਕਾਰਡ ਪੱਧਰ ਵਾਧੇ ਨਾਲ ਨਜਿੱਠਿਆ ਜਾ ਸਕੇ। ਪ੍ਰਵਾਸੀਆਂ ਦੇ ਵਧਣ ਕਾਰਨ ਮਕਾਨਾਂ ਦੇ ਕਿਰਾਏ ਵਿੱਚ ਭਾਰੀ ਵਾਧਾ ਹੋਇਆ ਹੈ। ਆਸਟਰੇਲੀਆ ਦੇ ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਮੰਗਲਵਾਰ ਨੂੰ ਕਿਹਾ ਕਿ, ਉੱਚ ਸਿੱਖਿਆ ਦੇ ਕੋਰਸਾਂ ਦੇ ਨਾਲ-ਨਾਲ ਵੋਕੇਸ਼ਨਲ ਸਿੱਖਿਆ ਅਤੇ ਸਿਖਲਾਈ ਕੋਰਸ ‘ਚ ਵੀ ਐਂਟਰੀ ਸੀਮਿਤ ਕੀਤੀ ਗਈ ਹੈ। ਆਸਟ੍ਰੇਲੀਆ ਦੇ ਇਸ ਕਦਮ ਦਾ ਉਚੇਰੀ ਸਿੱਖਿਆ ਲਈ ਵਿਦੇਸ਼ ਜਾਣ ਦੀ ਉਮੀਦ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ‘ਤੇ ਖਾਸ ਤੌਰ ‘ਤੇ ਪੰਜਾਬ ਦੇ ਵਿਦਿਆਰਥੀਆਂ ‘ਤੇ ਵੱਡਾ ਅਸਰ ਪਵੇਗਾ। ਆਸਟ੍ਰੇਲੀਆ ਨੇ ਜੂਨ 2022 ‘ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 5.10 ਲੱਖ ਤੈਅ ਕੀਤੀ ਸੀ। ਸਾਲ 2023 ‘ਚ ਇਹ ਗਿਣਤੀ ਘਟ ਕੇ 3.75 ਲੱਖ ਰਹਿ ਗਈ ਸੀ। ਹੁਣ ਉਨ੍ਹਾਂ ਨੇ ਇਸ ਦੇ ਪੱਧਰ ਨੂੰ ਹੋਰ ਘਟਾ ਦਿੱਤਾ ਹੈ। ਫਰਵਰੀ ਵਿੱਚ ਦਾਖ਼ਲਾ ਲੈਣ ਦੀ ਤਿਆਰੀ ਕਰ ਰਹੇ ਵਿਦਿਆਰਥੀ ਇਸ ਐਲਾਨ ਨਾਲ ਪ੍ਰਭਾਵਿਤ ਹੋਣਗੇ। ਪੰਜਾਬ ਦੇ ਵਿਦਿਆਰਥੀ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।ਵਰਨਣਯੋਗ ਹੈ ਕਿ ਪਿਛਲੇ ਸਾਲ ਭਾਰਤ ਦੇ ਦੌਰੇ ‘ਤੇ ਆਏ ਆਸਟ੍ਰੇਲੀਆਈ ਸਿੱਖਿਆ ਮੰਤਰੀ ਨੇ ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆਈ ਉੱਚ ਸਿੱਖਿਆ ਸੰਸਥਾਵਾਂ ਤੱਕ ਪਹੁੰਚ ਵਧਾਉਣ ਲਈ ਇਕ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ, ਭਾਰਤ ਦੇ ਲਗਭਗ 1.22 ਲੱਖ ਵਿਦਿਆਰਥੀ ਆਸਟ੍ਰੇਲੀਆ ਵਿੱਚ ਪੜ੍ਹਦੇ ਹਨ। ਆਸਟ੍ਰੇਲੀਆ ਨੇ ਵੀ ਵਿਦੇਸ਼ੀ ਵਿਦਿਆਰਥੀਆਂ ਲਈ ਆਪਣੀ ਨਾਨ-ਰਿਫੰਡੇਬਲ ਵੀਜ਼ਾ ਫੀਸ 710 ਆਸਟ੍ਰੇਲੀਅਨ ਡਾਲਰ ਤੋਂ ਵਧਾ ਕੇ 1600 ਆਸਟ੍ਰੇਲੀਆਈ ਡਾਲਰ ਕਰ ਦਿੱਤੀ ਹੈ।