ਜ਼ਿੰਬਾਬਵੇ ਦੌਰੇ ਲਈ ਸ਼ੁਭਮਨ ਗਿੱਲ ਨੂੰ ਐਲਾਨਿਆ ਕਪਤਾਨ
ਚੰਡੀਗੜ੍ਹ, 25ਜੂਨ(ਵਿਸ਼ਵ ਵਾਰਤਾ)- CRICKET NEWS : ਹਰਾਰੇ ਵਿੱਚ 6 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਜ਼ਿੰਬਾਬਵੇ ਟੀ-20 ਸੀਰੀਜ਼ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਇੱਥੇ ਜ਼ਿੰਬਾਬਵੇ ਦੇ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਣੀ ਹੈ। ਸ਼ੁਭਮਨ ਗਿੱਲ ਟੀਮ ਦੀ ਅਗਵਾਈ ਕਰਨਗੇ।
ਪੰਜਾਬੀਆਂ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇੱਕ ਹੋਰ ਪੰਜਾਬੀ ਭਾਰਤੀ ਟੀਮ ਦੀ ਅਗਵਾਈ ਕਰੇਗਾ। ਇਸ ਸਮੇਂ ਸ਼ੁਭਮਨ ਗਿੱਲ ਨੂੰ ਜ਼ਿੰਬਾਬਵੇ ਸੀਰੀਜ਼ ਲਈ ਭਾਰਤੀ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਗੱਲ ਕਰਿਏ ਮਹਿਲਾ ਕ੍ਰਿਕਟ ਟੀਮ ਦੀ ਤਾਂ ਉਸ ਦੀ ਕਪਤਾਨੀ ਵੀ ਇਕ ਪੰਜਾਬਣ ਮੁਟਿਆਰ ਹਰਮਨਪ੍ਰੀਤ ਦੇ ਹੱਥ ਹੈ। ਇਸ ਦੇ ਨਾਲ ਹੀ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੁਰਸ਼ ਫੁਟਬਾਲ ਟੀਮ ਦੇ ਕਪਤਾਨ ਗੁਰਪ੍ਰੀਤ ਸਿੰਘ ਸੰਧੂ ਵੀ ਪੰਜਾਬੀ ਹਨ।
ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤੀ ਕ੍ਰਿਕਟ ਟੀਮ ਇਸ ਸਮੇਂ ਟੀ-20 ਵਿਸ਼ਵ ਕੱਪ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਟੀਮ ਨੇ ਸੋਮਵਾਰ ਨੂੰ ਆਸਟਰ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਦੱਸ ਦਈਏ ਕਿ ਟੀ-20 ਵਿਸ਼ਵ ਕੱਪ 2024 ਦੀ ਮੁੱਖ ਟੀਮ ‘ਚ ਸ਼ਾਮਲ 15 ‘ਚੋਂ 13 ਖਿਡਾਰੀਆਂ ਨੂੰ ਇਸ ਦੌਰੇ ਤੋਂ ਆਰਾਮ ਦਿੱਤਾ ਗਿਆ ਹੈ। ਇਸ ਦੌਰੇ ਲਈ ਵਿਸ਼ਵ ਕੱਪ ਟੀਮ ਵਿੱਚੋਂ ਸਿਰਫ਼ ਯਸ਼ਸਵੀ ਜੈਸਵਾਲ ਅਤੇ ਸੰਜੂ ਸੈਮਸਨ ਨੂੰ ਚੁਣਿਆ ਗਿਆ ਹੈ।
ਜ਼ਿੰਬਾਬਵੇ ਸੀਰੀਜ਼ ਲਈ ਭਾਰਤੀ ਟੀਮ:
ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਰਿਤੂਰਾਜ ਗਾਇਕਵਾੜ, ਅਭਿਸ਼ੇਕ ਸ਼ਰਮਾ, ਰਿੰਕੂ ਸਿੰਘ, ਸੰਜੂ ਸੈਮਸਨ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਨਿਤੀਸ਼ ਰੈਡੀ, ਰਿਆਨ ਪਰਾਗ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਵੇਸ਼ ਖਾਨ, ਖਲੀਲ ਅਹਿਮਦ, ਮੁਕੇਸ਼ ਕੁਮਾਰ , ਤੁਸ਼ਾਰ ਦੇਸ਼ਪਾਂਡੇ।