Latest News: ਦਬੁਰਜੀ NRI ਗੋਲੀਕਾਂਡ ‘ਚ ਪੁਲਿਸ ਨੇ 5 ਵਿਅਕਤੀਆਂ ਨੂੰ ਕੀਤਾ ਗਿਰਫਤਾਰ ; ਪੀੜਤ ਦੀ ਪਹਿਲੀ ਪਤਨੀ ਦੇ ਪਿਤਾ ਨੇ ਦਿੱਤੀ ਸੀ ਸੁਪਾਰੀ
ਅੰਮ੍ਰਿਤਸਰ 25ਅਗਸਤ (ਵਿਸ਼ਵ ਵਾਰਤਾ): ਬੀਤੇ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਦਬੁਰਜੀ ਇਲਾਕੇ ਵਿੱਚ ਅਮਰੀਕਾ ਤੋਂ ਆਏ ਇੱਕ ਐਨਆਰਆਈ ‘ਤੇ ਗੋਲੀਆਂ ਚਲਾ ਕੇ ਹਮਲਾ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਫਤਾਰ ਕਰ ਲਿਆ ਹੈ। ਇਸ ਵਾਰਦਾਤ ਦੇ ਮਾਮਲੇ ਵਿੱਚ ਪੁਲਿਸ ਨੇ ਪੀੜਤ ਦੀ ਮ੍ਰਿਤਕ ਪਤਨੀ ਦੇ ਪਿਤਾ ਸਹਿਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। 2 ਅਪਰਾਧੀ ਜਿਨਾਂ ਨੇ ਸੁਖਚੈਨ ਸਿੰਘ ਤੇ ਗੋਲੀਆਂ ਚਲਾਈਆਂ ਸਨ, ਉਹਨਾਂ ਨੂੰ ਗ੍ਰਫਤਾਰ ਕਰਨ ਦੀ ਕੋਸ਼ਿਸ਼ ਜਾਰੀ ਹੈ। ਇਹ ਘਟਨਾ ਸ਼ਨੀਵਾਰ ਦੀ ਹੈ ਜਦੋਂ ਅਪਰਾਧੀਆਂ ਨੇ ਐਨਆਰਆਈ ‘ਤੇ ਉਸਦੇ ਘਰ ਦੇ ਅੰਦਰ ਵੜ ਕੇ ਗੋਲੀਆਂ ਚਲਾ ਦਿੱਤੀਆਂ ਸਨ। ਪੀੜਿਤ ਉਸ ਵੇਲੇ ਆਪਣੇ ਘਰ ਤੋਂ ਬਾਹਰ ਨਿਕਲਣ ਦੀ ਤਿਆਰੀ ਕਰ ਰਿਹਾ ਸੀ ਜਦੋਂ ਇਹਨਾਂ ਅਪਰਾਧੀਆਂ ਨੇ ਘਰ ਦੇ ਅੰਦਰ ਵੜ ਕੇ ਉਸ ਤੇ ਗੋਲੀਆਂ ਚਲਾਈਆਂ। ਜਾਣਕਾਰੀ ਜਾਣਕਾਰੀ ਮੁਤਾਬਿਕ ਜ਼ਖਮੀ ਐਨਆਰਆਈ ਦਾ ਇਲਾਜ ਚੱਲ ਰਿਹਾ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਪੀੜਿਤ ਸੁਖਚੈਨ ਸਿੰਘ ਹੁਣ ਖਤਰੇ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਨੇ ਆਤਮ ਹੱਤਿਆ ਕਰ ਲਈ ਸੀ, ਉਦੋਂ ਤੋਂ ਹੀ ਉਸਦੀ ਪਹਿਲੀ ਪਤਨੀ ਦੇ ਪਰਿਵਾਰ ਨੇ ਉਸ ਦੇ ਖਿਲਾਫ ਦੁਸ਼ਮਣੀ ਪਾਲ ਰੱਖੀ ਸੀ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੁਖਵਿੰਦਰ ਸਿੰਘ ਉਰਫ ਸੁੱਖਾ ਅਤੇ ਗੁਰਕੀਰਤ ਗੁਰੀ ਨੂੰ ਸੁਖਚੈਨ ਸਿੰਘ ਨੂੰ ਮਾਰਨ ਦੇ ਲਈ ਸੁਪਾਰੀ ਦਿੱਤੀ ਗਈ ਸੀ। ਗਿਰਫ਼ਤਾਰ ਵਿਅਕਤੀਆਂ ਦੇ ਵਿੱਚ ਸਰਵਣ ਸਿੰਘ ਵੀ ਸ਼ਾਮਿਲ ਹੈ ਜੋ ਕਿ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਦਾ ਪਿਤਾ ਹੈ। ਇਸ ਮਾਮਲੇ ਬਾਰੇ ਅੱਗੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਤਰਨਤਾਰਨ ਦੇ ਜਗਜੀਤ ਸਿੰਘ ਅਤੇ ਚਮਕੌਰ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਹਮਲਾਵਰਾਂ ਦੀ ਮਦਦ ਕੀਤੀ ਸੀ। ਹੋਟਲ ਮਾਲਿਕ ਦਿਗੰਬਰ ਅਤਰੀ ਅਤੇ ਹੋਟਲ ਮੈਨੇਜਰ ਅਭਿਲਾਸ਼ ਭਾਸਕਰ ਨੇ ਬਿਨਾਂ ਆਈਡੀ ਪ੍ਰੂਫ ਦੇਖਿਆ ਹਮਲਾਵਰਾਂ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਸੀ। ਪੁਲਿਸ ਮੁਤਾਬਕ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਅਤਰੀ ਦੇ ਹੋਟਲ ਦੇ ਵਿੱਚ ਰੁਕੇ ਸਨ। ਜ਼ਿਕਰਯੋਗ ਹੈ ਕਿ ਐਨਆਰਆਈ ਸੁਖਚੈਨ ਸਿੰਘ ਨੂੰ ਉਹਨਾਂ ਦੀ ਮੌਜੂਦਾ ਪਤਨੀ ਮਾਂ ਅਤੇ ਪਹਿਲੇ ਵਿਆਹ ਤੋਂ ਦੋ ਬੱਚਿਆਂ ਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ ਸੀ। ਪੀੜਤ ਸੁਖਚੈਨ ਸਿੰਘ ਦੇ ਘਰ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਵਿੱਚ ਉਸਦੀ ਮਾਂ ਅਤੇ ਬੱਚੇ ਉਸ ਦੀ ਜਾਨ ਬਖਸ਼ਣ ਲਈ ਹਮਲਾਵਰਾ ਅੱਗੇ ਹੱਥ ਜੋੜਦੇ ਹੋਏ ਨਜ਼ਰ ਆ ਰਹੇ ਹਨ।