Latest News: ਖ਼ਰੀਫ਼ ਦੇ ਮੌਸਮ ਦੌਰਾਨ ਪੰਜਾਬ ਦੀਆਂ ਨਹਿਰਾਂ ਵਿੱਚ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ
ਚੰਡੀਗੜ੍ਹ, 21 ਅਗਸਤ (ਵਿਸ਼ਵ ਵਾਰਤਾ):- ਪੰਜਾਬ ਸਰਕਾਰ ਨੇ ਖ਼ਰੀਫ਼ ਦੇ ਮੌਸਮ ਦੌਰਾਨ ਨਹਿਰਾਂ ਵਿੱਚ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲ ਸਰੋਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 21 ਤੋਂ 28 ਅਗਸਤ, 2024 ਤੱਕ ਸਰਹਿੰਦ ਕੈਨਾਲ ਸਿਸਟਮ ਦੀਆਂ ਨਹਿਰਾਂ ਜਿਵੇਂ ਸਿੱਧਵਾਂ ਬ੍ਰਾਂਚ, ਬਠਿੰਡਾ ਬ੍ਰਾਂਚ, ਬਿਸਤ ਦੁਆਬ ਕੈਨਾਲ, ਅਬੋਹਰ ਬ੍ਰਾਂਚ ਅਤੇ ਪਟਿਆਲਾ ਫ਼ੀਡਰ ਕ੍ਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਤਰਜੀਹ ਦੇ ਆਧਾਰ ’ਤੇ ਚੱਲਣਗੀਆਂ।
ਬੁਲਾਰੇ ਨੇ ਦੱਸਿਆ ਕਿ ਭਾਖੜਾ ਮੇਨ ਲਾਈਨ ਵਿਚੋਂ ਨਿਕਲਦੀਆਂ ਨਹਿਰਾਂ, ਜੋ ਗਰੁੱਪ ‘ਏ’ ਵਿੱਚ ਹਨ, ਨੂੰ ਪਹਿਲੀ ਤਰਜੀਹ ਦੇ ਆਧਾਰ ’ਤੇ ਪੂਰਾ ਪਾਣੀ ਮਿਲੇਗਾ ਜਦਕਿ ਘੱਗਰ ਲਿੰਕ ਅਤੇ ਇਸ ਵਿੱਚੋਂ ਨਿਕਲਦੀ ਘੱਗਰ ਬ੍ਰਾਂਚ ਅਤੇ ਪੀ.ਐਨ.ਸੀ, ਜੋ ਗਰੁੱਪ ‘ਬੀ’ ਵਿੱਚ ਹਨ, ਨੂੰ ਦੂਜੀ ਤਰਜੀਹ ਦੇ ਆਧਾਰ ’ਤੇ ਬਾਕੀ ਬਚਦਾ ਪਾਣੀ ਮਿਲੇਗਾ।
ਬੁਲਾਰੇ ਨੇ ਦੱਸਿਆ ਕਿ ਇਸੇ ਤਰ੍ਹਾਂ ਸਰਹਿੰਦ ਫ਼ੀਡਰ ਵਿੱਚੋਂ ਨਿਕਲਦੇ ਸਾਰੇ ਰਜਬਾਹਿਆਂ, ਜਿਹੜੇ ਗਰੁੱਪ ’ਏ’ ਵਿੱਚ ਹਨ, ਨੂੰ ਪਹਿਲੀ ਤਰਜੀਹ ਦੇ ਆਧਾਰ ’ਤੇ ਪੂਰਾ ਪਾਣੀ ਮਿਲੇਗਾ ਜਦਕਿ ਸਰਹਿੰਦ ਫ਼ੀਡਰ ਵਿੱਚੋਂ ਨਿਕਲਦੀ ਅਬੋਹਰ ਬ੍ਰਾਂਚ ਲੋਅਰ ਅਤੇ ਇਸ ਦੇ ਰਜਬਾਹਿਆਂ, ਜੋ ਗਰੁੱਪ ’ਬੀ’ ਵਿੱਚ ਹਨ, ਨੂੰ ਦੂਜੀ ਤਰਜੀਹ ਦੇ ਆਧਾਰ ’ਤੇ ਬਾਕੀ ਬਚਦਾ ਪਾਣੀ ਮਿਲੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਲਾਹੌਰ ਬ੍ਰਾਂਚ ਅਤੇ ਇਸ ਦੇ ਰਜਬਾਹਿਆਂ ਨੂੰ ਪਹਿਲੀ ਤਰਜੀਹ ਦੇ ਆਧਾਰ ‘ਤੇ ਪੂਰਾ ਪਾਣੀ ਮਿਲੇਗਾ। ਮੇਨ ਬ੍ਰਾਂਚ ਲੋਅਰ, ਕਸੂਰ ਬ੍ਰਾਂਚ ਲੋਅਰ ਅਤੇ ਸਭਰਾਉਂ ਬ੍ਰਾਂਚ ਅਤੇ ਇਨ੍ਹਾਂ ਦੇ ਰਜਬਾਹਿਆਂ ਨੂੰ ਕ੍ਰਮਵਾਰ ਬਾਕੀ ਬਚਦਾ ਪਾਣੀ ਮਿਲੇਗਾ।