California ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਧਾਰਿਆ ਭਿਆਨਕ ਰੂਪ
- ਪ੍ਰਸ਼ਾਸਨ ਨੇ ਐਲਾਨੀ ਐਮਰਜੈਂਸੀ
- ਕਈ ਹਾਲੀਵੁੱਡ ਸਿਤਾਰਿਆਂ ਦੇ ਘਰ ਵੀ ਸੜ ਕੇ ਹੋਏ ਸੁਆਹ
ਨਵੀ ਦਿੱਲੀ,9 ਜਨਵਰੀ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਲਾਸ ਏਂਜਲਸ ਦੇ ਜੰਗਲਾਂ ਵਿੱਚ ਲੱਗੀ ਅੱਗ ਹੁਣ ਸ਼ਹਿਰ ਤੱਕ ਪਹੁੰਚ ਗਈ ਹੈ। ਮੰਗਲਵਾਰ ਨੂੰ ਲੱਗੀ ਅੱਗ ਨਾਲ ਹੁਣ ਤੱਕ 4,856 ਹੈਕਟੇਅਰ ਖੇਤਰ ਪ੍ਰਭਾਵਿਤ ਹੋਇਆ ਹੈ। ਅੱਗ ਨਾਲ ਕਰੀਬ 1100 ਇਮਾਰਤਾਂ ਪੂਰੀ ਤਰ੍ਹਾਂ ਸੜ ਗਈਆਂ ਹਨ ਅਤੇ 28 ਹਜ਼ਾਰ ਘਰ ਨੁਕਸਾਨੇ ਗਏ ਹਨ।
ਇਨ੍ਹਾਂ ਹੀ ਨਹੀਂ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।ਅੱਗ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਕਰੀਬ 50 ਹਜ਼ਾਰ ਲੋਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਕਰੀਬ 3 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਲਾਸ ਏਂਜਲਸ ਸ਼ਹਿਰ ਦੇ ਪੌਸ਼ ਇਲਾਕੇ ਪੈਲੀਸਾਡੇਸ ਵਿੱਚ ਅੱਗ ਨੇ ਕਈ ਹਾਲੀਵੁੱਡ ਸਿਤਾਰਿਆਂ ਦੇ ਬੰਗਲੇ ਵੀ ਸੁਆਹ ਕਰ ਦਿੱਤੇ ਹਨ। ਮਾਰਕ ਹੈਮਿਲ, ਪੈਰਿਸ ਹਿਲਟਨ, ਜੈਮੀ ਲੀ ਕਰਟਿਸ, ਮੈਂਡੀ ਮੂਰ, ਮਾਰੀਆ ਸ਼ਾਈਵਰ, ਐਸ਼ਟਨ ਕੁਚਰ, ਜੇਮਸ ਵੁਡਸ ਅਤੇ ਲੀਟਨ ਮੀਸਟਰ ਸਮੇਤ ਕਈ ਹਾਲੀਵੁੱਡ ਸਿਤਾਰਿਆਂ ਦੇ ਘਰ ਅੱਗ ਦੀ ਲਪੇਟ ਵਿੱਚ ਆ ਗਏ। ਕਈ ਮਸ਼ਹੂਰ ਹਸਤੀਆਂ ਨੂੰ ਆਪਣੇ ਘਰ ਛੱਡਣੇ ਪਏ ਹਨ। ਲਾਸ ਏਂਜਲਸ ਦੇ ਬ੍ਰੈਟਨਵੁੱਡ ਇਲਾਕੇ ਵਿਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਘਰ ਖਾਲੀ ਵੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਬਚਾਅ ਦਲ ਦੀਆ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ। ਸਥਾਨਕ ਸਕੂਲਾਂ, ਕਮਿਊਨਿਟੀ ਸੈਂਟਰਾਂ ਅਤੇ ਹੋਰ ਸੁਰੱਖਿਅਤ ਸਥਾਨਾਂ ਨੂੰ ਐਮਰਜੈਂਸੀ ਆਸਰਾ ਵਜੋਂ ਤਿਆਰ ਕੀਤਾ ਗਿਆ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/