Breaking News: ਬਟਾਲਾ ਪੁਲਿਸ ਨੇ ਜੈਂਤੀਪੁਰ ਅਤੇ ਰਾਇਮਲ ਵਿਖੇ ਹੋਏ ਧਮਾਕਿਆਂ ਵਿੱਚ ਸ਼ਾਮਲ ਮੁੱਖ ਦੋਸ਼ੀ ਨੂੰ ਮਾਰ ਮੁਕਾਇਆ; ਪਿਸਤੌਲ ਬਰਾਮਦ
- ਬਟਾਲਾ ਪੁਲਿਸ ਵੱਲੋਂ ਧਮਾਕਿਆਂ ਵਿੱਚ ਸ਼ਾਮਲ ਦੋ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਪਾਕਿਸਤਾਨ-ਆਈ.ਐਸ.ਆਈ. ਦੀ ਹਮਾਇਤ ਪ੍ਰਾਪਤ ਬੀ.ਕੇ.ਆਈ. ਦਾ ਪਰਦਾਫਾਸ਼
- ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
- ਹਥਿਆਰਾਂ ਦੀ ਬਰਾਮਦੀ ਵਾਲੀ ਜਗ੍ਹਾ ‘ਤੇ ਲਿਜਾਣ ਸਮੇਂ ਮੁਲਜ਼ਮ ਮੋਹਿਤ ਦੀ ਪੁਲਿਸ ਹਿਰਾਸਤ ‘ਚੋਂ ਭੱਜਣ ਦੀ ਕੋਸ਼ਿਸ਼ ਨਾਕਾਮ ਕੀਤੀ: ਡੀਆਈਜੀ ਸਤਿੰਦਰ ਸਿੰਘ
ਚੰਡੀਗੜ੍ਹ/ਬਟਾਲਾ, 27 ਫਰਵਰੀ (ਵਿਸ਼ਵ ਵਾਰਤਾ):- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਬਟਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਦੇ ਜੈਂਤੀਪੁਰ ਅਤੇ ਬਟਾਲਾ ਦੇ ਰਾਇਮਲ ਵਿਖੇ ਬੰਬ ਧਮਾਕਿਆਂ ਦੇ ਕੇਸ ਵਿੱਚ ਸ਼ਾਮਲ ਮੁੱਖ ਦੋਸ਼ੀ, ਜਿਸਦੀ ਪਛਾਣ ਮੋਹਿਤ ਵਜੋਂ ਹੋਈ ਹੈ, ਨੂੰ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਵੀਰਵਾਰ ਦੇਰ ਸ਼ਾਮ ਬਟਾਲਾ ‘ਚ ਹੋਏ ਪੁਲਿਸ ਮੁਕਾਬਲੇ ਦੌਰਾਨ ਕੀਤੀ ਗਈ ਜਵਾਬੀ ਗੋਲੀਬਾਰੀ ਵਿੱਚ ਮਾਰ ਮੁਕਾਇਆ ਹੈ।
ਇਹ ਕਾਰਵਾਈ ਬਟਾਲਾ ਪੁਲਿਸ ਵੱਲੋਂ ਪਾਕਿਸਤਾਨ-ਅਧਾਰਤ ਅੱਤਵਾਦੀ ਹਰਵਿੰਦਰ ਰਿੰਦਾ ਅਤੇ ਅਮਰੀਕਾ-ਅਧਾਰਤ ਅੱਤਵਾਦੀ ਹੈਪੀ ਪਾਸੀਆਂ ਦੁਆਰਾ ਚਲਾਏ ਜਾ ਰਹੇ ਪਾਕਿ-ਆਈਐਸਆਈ ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨਾਂ, ਜਿਨ੍ਹਾਂ ਦੀ ਪਛਾਣ ਬਟਾਲਾ ਦੇ ਬੁੱਢੇ ਦੀ ਖੂਈ ਦੇ ਮੋਹਿਤ ਅਤੇ ਬਟਾਲਾ ਦੇ ਬਸਰਪੁਰਾ ਦੇ ਵਿਸ਼ਾਲ ਵਜੋਂ ਹੋਈ ਹੈ, ਦੀ ਗ੍ਰਿਫ਼ਤਾਰੀ ਉਪਰੰਤ ਉਕਤ ਮਾਡਿਊਲ ਦਾ ਪਰਦਾਫਾਸ਼ ਕਰਕੇ ਜੈਂਤੀਪੁਰ ਅਤੇ ਰਾਇਮਲ ਵਿਖੇ ਧਮਾਕੇ ਦੇ ਕੇਸਾਂ ਨੂੰ ਸੁਲਝਾਉਣ ਤੋਂ ਕੁਝ ਘੰਟਿਆਂ ਬਾਅਦ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਇਸ ਸਾਲ 17 ਫਰਵਰੀ ਨੂੰ ਰਾਇਮਲ ਵਿੱਚ ਪੰਜਾਬ ਪੁਲਿਸ ਦੇ ਕਾਂਸਟੇਬਲ ਦੇ ਘਰ ‘ਤੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ, ਜਦੋਂ ਕਿ ਇਸ ਸਾਲ 15 ਜਨਵਰੀ ਨੂੰ ਅੰਮ੍ਰਿਤਸਰ ਦੇ ਪੱਪੂ ਜੈਂਤੀਪੁਰੀਆ ਦੇ ਘਰ ਇੱਕ ਹੋਰ ਧਮਾਕਾ ਹੋਇਆ ਸੀ। ਦੱਸਣਯੋਗ ਹੈ ਕਿ ਅਮਰੀਕਾ-ਅਧਾਰਤ ਅੱਤਵਾਦੀ ਹੈਪੀ ਪਾਸੀਆਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦੋਵਾਂ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਸੀ।
ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਬਾਰਡਰ ਰੇਂਜ ਸਤਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਲਜ਼ਮ ਮੋਹਿਤ ਵੱਲੋਂ ਇੱਕ ਸੁੰਨਸਾਨ ਜਗ੍ਹਾ ‘ਤੇ ਲੁਕਾਏ ਗਏ ਹਥਿਆਰਾਂ ਅਤੇ ਗੋਲੀ-ਸਿੱਕੇ ਬਾਰੇ ਕੀਤੇ ਗਏ ਖੁਲਾਸੇ ਤੋਂ ਬਾਅਦ ਮੁਲਜ਼ਮ ਨੂੰ ਉਕਤ ਜਗ੍ਹਾ ਤੋਂ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ ਕਿ ਮੌਕੇ ‘ਤੇ ਪਹੁੰਚਣ ‘ਤੇ ਮੁਲਜ਼ਮ ਨੇ ਪੁਲਿਸ ਹਿਰਾਸਤ ‘ਚੋਂ ਭੱਜਣ ਲਈ ਪੁਲਿਸ ਪਾਰਟੀ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਦੇ ਚਲਦਿਆਂ ਪੁਲਿਸ ਨੇ ਵੀ ਸਵੈ-ਰੱਖਿਆ ਵਜੋਂ ਜਵਾਬੀ ਕਾਰਵਾਈ ਦੌਰਾਨ ਗੋਲੀਆਂ ਚਲਾਈਆਂ।
ਉਨ੍ਹਾਂ ਕਿਹਾ ਕਿ ਜ਼ਖਮੀ ਮੁਲਜ਼ਮ ਨੂੰ ਸਿਵਲ ਹਸਪਤਾਲ ਬਟਾਲਾ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ .30 ਬੋਰ ਪਿਸਤੌਲ ਬਰਾਮਦ ਕੀਤਾ ਹੈ, ਜਿਸਦੀ ਵਰਤੋਂ ਮੁਲਜ਼ਮ ਮੋਹਿਤ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾਉਣ ਲਈ ਕੀਤੀ ਸੀ।
ਡੀਆਈਜੀ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਸਾਡੇ ਪੁਲਿਸ ਅਧਿਕਾਰੀ ਨੂੰ ਵੀ ਗੋਲੀ ਲੱਗੀ ਹੈ।
ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਧਮਾਕੇ ਦੇ ਮਾਮਲਿਆਂ ਵਿੱਚ ਸ਼ਾਮਲ ਦੋ ਹੋਰ ਮੁਲਜ਼ਮਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਫੜਨ ਲਈ ਤਲਾਸ਼ ਜਾਰੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।