Batala ‘ਚ ਅੱਜ ਪਹਿਲੇ ਦਿਨ ਕੋਈ ਨਾਮਜ਼ਦਗੀ ਪੱਤਰ ਨਹੀਂ ਹੋਇਆ ਦਾਖਲ
ਬਟਾਲਾ, 9 ਦਸੰਬਰ ( ) ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਣੇ ਚੋਣ ਪ੍ਰੋਗਰਾਮ ਅਨੁਸਾਰ (Batala) ਬਟਾਲਾ ਨਗਰ ਨਿਗਮ ਦੇ ਵਾਰਡ ਨੰਬਰ 24 (ਐਸ.ਸੀ) ਦੀ ਉਪ ਚੋਣ 21 ਦਸੰਬਰ ਨੂੰ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਤਾਰ ਸਿੰਘ, ਤਹਿਸੀਲਦਾਰ -ਕਮ-ਰਿਟਰਨਿੰਗ ਅਫਸਰ ਬਟਾਲਾ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਐਲਾਨੇ ਗਏ ਚੋਣ ਪ੍ਰੋਗਰਾਮ ਅਨੁਸਾਰ ਨਾਮਜ਼ਦਗੀਆਂ ਭਰਨ ਦੇ ਅੱਜ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਵਲੋਂ ਨਾਮਜਦਗੀ ਪੱਤਰ ਨਹੀਂ ਭਰਿਆ ਗਿਆ। 12 ਦਸੰਬਰ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ ਹਨ। ਨਾਮਜਦਗੀ ਪੱਤਰ ਰਿਟਰਨਿੰਗ ਅਫਸਰ ਬਟਾਲਾ ਦੇ ਦਫਤਰ ਵਿਖੇ ਸਵੇਰੇ 11 ਵਜੇ ਤੋਂ ਦੁਪਹਰਿ 3 ਵਜੇ ਤੱਕ ਭਰੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਕਮਿਸ਼ਨ ਨੇ ਪੜਤਾਲ ਲਈ 13 ਦਸੰਬਰ 2024 ਅਤੇ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 14 ਦਸੰਬਰ 2024 (ਦੁਪਹਿਰ 3 ਵਜੇ ਤੱਕ) ਨਿਰਧਾਰਤ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵੋਟਿੰਗ ਲਈ ਈ.ਵੀ.ਐਮਜ਼. ਦੀ ਵਰਤੋਂ ਕੀਤੀ ਜਾਵੇਗੀ। ਵੋਟਾਂ 21 ਦਸੰਬਰ ਨੂੰ ਸਵੇਰੇ 7.00 ਵਜੇ ਤੋਂ ਸ਼ਾਮ 04.00 ਵਜੇ ਤੱਕ ਈ.ਵੀ.ਐਮਜ਼. ਜ਼ਰੀਏ ਪੈਣਗੀਆਂ। ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਉਸੇ ਦਿਨ ਪੋਲਿੰਗ ਸਟੇਸ਼ਨ ’ਤੇ ਹੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਨਾਮਜ਼ਦਗੀ ਫਾਰਮ 20 ਅਤੇ ਹਲਫ਼ੀਆ ਬਿਆਨ ਦਾ ਨਮੂਨਾ ਕਮਿਸ਼ਨ ਦੀ ਵੈੱਬਸਾਈਟ sec.punjab.gov.in’ਤੇ ਡਾਊਨਲੋਡ ਕਰਨ ਲਈ ਉਪਲਬਧ ਕਰਾਇਆ ਗਿਆ ਹੈ।