ATM ਦੀ ਲੁੱਟ ਨੂੰ ਅੰਜਾਮ ਦੇਣ ਵਾਲਾ ਪੁਲਿਸ ਨੇ ਕੀਤਾ ਕਾਬੂ
ਚੰਡੀਗੜ੍ਹ, 11 ਸਤੰਬਰ (ਵਿਸ਼ਵ ਵਾਰਤਾ) ਜ਼ਿਲ੍ਹਾ ਫਿਰੋਜ਼ਪੁਰ ਵਿਚ ਲੁੱਟਾਂ ਖੋਹਾਂ ਅਤੇ ਗੋਲੀ ਚੱਲਣ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮਾੜੇ ਅਨਸਰ ਆਏ ਦਿਨ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਸੇ ਤਰ੍ਹਾਂ ਬੀਤੇ ਦਿਨੀਂ ਸ਼ਹਿਰ ਦੇ ਬਾਬਾ ਨਾਮਦੇਵ ਚੌਕ ਵਿੱਚ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ Atm ਵਿਚੋਂ ਚੋਰਾਂ ਨੇ ਗੈਸ ਕਟਰ ਦੀ ਮਦਦ ਨਾਲ ਕਰੀਬ 4 ਲੱਖ 84 ਹਜ਼ਾਰ ਦੀ ਨਕਦੀ ਲੁੱਟ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਨ੍ਹਾਂ ਚੋਰਾਂ ਨੂੰ ਫੜਨ ਵਿੱਚ ਪੁਲਿਸ ਨੇ ਸਫਲਤਾ ਹਾਸਿਲ ਕੀਤੀ ਹੈ। ਅੱਜ ਫਿਰੋਜ਼ਪੁਰ ਦੇ ਐਸ ਪੀ ਗੁਰਮੀਤ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ATM ਲੁੱਟਣ ਵਾਲੇ ਲੁਟੇਰੇ ਚਰਨਜੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਬਸਤੀ ਬੋਲਾ ਸਿੰਘ ਥਾਣਾ ਮੱਲਾਂਵਾਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਐਸ ਪੀ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਫੜੇ ਗਏ ਲੁਟੇਰੇ ਨੇ ਦੱਸਿਆ ਕਿ ਉਹ ਪੱਛਮੀ ਬੰਗਾਲ ਵਿੱਚ ਭਾਰਤੀ ਫੌਜ ਵਿੱਚ ਤੈਨਾਤ ਹੈ ਅਤੇ ਹੁਣ ਉਹ ਛੁੱਟੀ ‘ਤੇ ਆਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਲੁਟੇਰੇ ਦਾ ਪੁਲਸ ਰਿਮਾਂਡ ਲੈਕੇ ਉਸ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ।