Amritsar News: ਅੰਮ੍ਰਿਤਸਰ ‘ਚ ਪ੍ਰਦੂਸ਼ਣ ਕਾਰਨ ਵਿਜ਼ੀਬਿਲਟੀ ਘਟੀ; ਉਡਾਣਾਂ ਚੰਡੀਗੜ੍ਹ ਡਾਇਵਰਟ
ਅੰਮ੍ਰਿਤਸਰ, 2 ਨਵੰਬਰ 2024 (ਵਿਸ਼ਵ ਵਾਰਤਾ): ਅੰਮ੍ਰਿਤਸਰ ‘ਚ ਵਧਦੇ ਪ੍ਰਦੂਸ਼ਣ ਅਤੇ ਘੱਟ ਵਿਜ਼ੀਬਿਲਟੀ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸੋਮਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਨ ਵਾਲੀਆਂ ਤਿੰਨ ਉਡਾਣਾਂ ਨੂੰ ਖਰਾਬ ਵਿਜ਼ੀਬਿਲਟੀ ਕਾਰਨ ਚੰਡੀਗੜ੍ਹ ਡਾਇਵਰਟ ਕਰਨਾ ਪਿਆ। ਇਨ੍ਹਾਂ ਉਡਾਣਾਂ ਵਿੱਚ ਇੱਕ ਅੰਤਰਰਾਸ਼ਟਰੀ ਉਡਾਣ ਦੇ ਨਾਲ-ਨਾਲ ਦੋ ਘਰੇਲੂ ਉਡਾਣਾਂ ਸ਼ਾਮਲ ਸਨ।
ਦੱਸ ਦਈਏ ਕਿ ਦੁਬਈ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਚੰਡੀਗੜ੍ਹ ਡਾਇਵਰਟ ਕੀਤਾ ਗਿਆ ਹੈ। ਇਸਨੇ ਸਵੇਰੇ 7.40 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਨਾ ਸੀ। ਇਸ ਤੋਂ ਇਲਾਵਾ ਮੁੰਬਈ ਅਤੇ ਹੈਦਰਾਬਾਦ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਫਲਾਈਟਾਂ ਨੂੰ ਵੀ ਵਿਜ਼ੀਬਿਲਟੀ ਦੀ ਕਮੀ ਕਾਰਨ ਚੰਡੀਗੜ੍ਹ ਡਾਇਵਰਟ ਕਰ ਦਿੱਤਾ ਗਿਆ। ਇਨ੍ਹਾਂ ਉਡਾਣਾਂ ਨੇ ਸਵੇਰੇ 7.55 ਵਜੇ ਅਤੇ ਸਵੇਰੇ 11.15 ਵਜੇ ਲੈਂਡ ਹੋਣਾ ਸੀ। ਏਅਰਪੋਰਟ ਅਥਾਰਟੀ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਉਡਾਣਾਂ ਨੂੰ ਚੰਡੀਗੜ੍ਹ ਭੇਜਣ ਦਾ ਫੈਸਲਾ ਕੀਤਾ ਹੈ।