ਅੰਮ੍ਰਿਤਸਰ 27 ਸਤੰਬਰ (ਵਿਸ਼ਵ ਵਾਰਤਾ): ਰਾਮਤਲਾਈ ਚੌਂਕ ਵਿੱਚ ਇੱਕ ਮੋਟਰਸਾਈਕਲ ਅਤੇ ਕਾਰ ਦਰਮਿਆਨ ਹੋਈ ਟੱਕਰ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਫਲਾਈ ਓਵਰ ਤੋਂ ਹੇਠਾਂ ਡਿੱਗ ਗਿਆ। ਨੌਜਵਾਨ ਦੀਆਂ ਲੱਤਾਂ ਤੇ ਗੰਭੀਰ ਸੱਟਾਂ ਲੱਗੀਆਂ ਹਨ। ਹੈਲਮਟ ਪਾਇਆ ਹੋਣ ਕਰਕੇ ਉਸਦੀ ਜਾਨ ਬਚ ਗਈ ਹੈ। ਹਾਦਸੇ ਤੋਂ ਬਾਅਦ ਜਦੋਂ ਉਹ ਫਲਾਈ ਓਵਰ ਤੋਂ ਹੇਠਾਂ ਡਿੱਗਿਆ ਤਾਂ ਉਸ ਨੂੰ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪ੍ਰਦੀਪ ਨਾਮ ਦਾ ਨੌਜਵਾਨ ਜਦੋਂ ਫਲਾਈਓਵਰ ਤੋਂ ਹੇਠਾਂ ਡਿੱਗਿਆ ਤਾਂ ਤੁਰੰਤ ਇੱਕ ਰਾਹਗੀਰ ਉਸ ਦੀ ਜੇਬ ਚੋਂ ਮੋਬਾਈਲ ਕੱਢ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਬਾਕੀ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਪ੍ਰਦੀਪ ਕੁਮਾਰ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ। ਫੈਕਟਰੀ ਤੋਂ ਛੁੱਟੀ ਕਰਨ ਤੋਂ ਬਾਅਦ ਉਹ ਆਪਣੇ ਘਰ ਵਾਪਸ ਜਾ ਰਿਹਾ ਸੀ। ਜਦੋਂ ਉਹ ਫਲਾਈਓਵਰ ਦੇ ਉੱਪਰ ਦੀ ਜਾ ਰਿਹਾ ਸੀ ਤਾਂ ਇੱਕ ਕਾਰ ਦੇ ਨਾਲ ਉਸਦੀ ਟੱਕਰ ਹੋ ਗਈ, ਜਿਸ ਕਾਰਨ ਉਹ ਹੇਠਾਂ ਆ ਡਿੱਗਿਆ। ਜਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ,ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।