ਹਰਿਆਣੇ ’ਚੋਂ ਲਗਾਤਾਰ ਆ ਰਹੀ ਸ਼ਰਾਬ ਖਿਲਾਫ਼ ਪੁਲੀਸ ਵੱਲੋਂ ਹਰ-ਰੋਜ਼ ਕਾਰਵਾਈ ਹੋਣ ਲੱਗੀ
ਮਾਨਸਾ, 27 ਸਤੰਬਰ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 6 ਜਾਣਿਆਂ ਨੂੰ 624 ਬੋਤਲਾਂ ਸ਼ਰਾਬ,4 ਕਿਲੋ ਭੁੱਕੀ ਚੂਰਾਪੋਸਤ, 9500 ਰੁਪਏ ਸਮੇਤ ਕਾਰ, ਮੋਟਰਸਾਈਕਲ ਅਤੇ ਮੋਬਾਇਲ ਫੋਨ ਦੀ ਬਰਾਮਦਗੀ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਪਿੰਡ ਅੱਕਾਂਵਾਲੀ ਵਿਖੇ ਦੋ ਵਿਅਕਤੀਆਂ ਨੂੰ ਕਾਰ ਟਾਟਾ ਟਿਆਗੋ (ਨੰ:ਐਚ.ਆਰ 94(ਟੀ)-1326) ਸਮੇਤ 600 ਬੋਤਲਾਂ (50 ਡੱਬੇ) ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਸਮੇਤ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਜਸਪਾਲ ਸਿੰਘ ਉਰਫ਼ ਬਿੱਟੂ ਵਾਸੀ ਭੂੰਦੜ, ਰੇਸ਼ਮ ਸਿੰਘ ਉਰਫ਼ ਰੇਸ਼ੀ ਵਾਸੀ ਰੋੜੀ ਵਜੋਂ ਹੋਈ ਹੈ ਅਤੇ ਮੁੱਢਲੀ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਹ ਇਹ ਸ਼ਰਾਬ ਬਿੰਦਰ ਸਿੰਘ ਅਤੇ ਮਦਨ ਦਾਸ ਵਾਸੀ ਰੋੜੀ (ਹਰਿਆਣਾ) ਸ਼ਰਾਬ ਦੇ ਠੇਕੇਦਾਰ ਹਨ, ਨਾਲ ਰਲਕੇ ਗੈਰ-ਕਾਨੂੰਨੀ ਤੌਰ ’ਤੇ ਸ਼ਰਾਬ ਸਪਲਾਈ ਕਰਨ ਵਾਲੇ ਗਿਰੋਹ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ 500 ਰੁਪਏ ਪ੍ਰਤੀ ਡੱਬੇ ਦੇ ਹਿਸਾਬ ਨਾਲ ਲੈਕੇ ਆਉਂਦੇ ਸਨ ਅਤੇ ਮਾਨਸਾ ਵਿੱਚ 1000 ਰੁਪਏ ਡੱਬੇ ਦੇ ਹਿਸਾਬ ਵੇਚਕੇ ਮੋਟੀ ਕਮਾਈ ਕਰਦੇ ਸਨ।
ਡਾ. ਭਾਰਗਵ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ, ਨਾਨਕ ਸਿੰਘ ਵਾਸੀ ਬੀਰੋਕੇ ਕਲਾਂ ਨੂੰ 24 ਬੋਤਲਾਂ ਸ਼ਰਾਬ ਠੇਕਾ (ਹਰਿਆਣਾ) ਸਮੇਤ ਮੋਟਰਸਾਈਕਲ ਡੀਲਕਸ ਨੰ: ਪੀ.ਬੀ. 31 ਐਮ-6323 ਸਣੇ ਕਾਬੂ ਕੀਤਾ, ਬਨਵਾਰੀ ਲਾਲ ਵਾਸੀ ਖੈਰਾ ਕਲਾਂ ਪਾਸੋਂ 4 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਮੁਖਬਰੀ ਮਿਲਣ ’ਤੇ ਰੇਡ ਦੌਰਾਨ ਤਿੰਨ ਵਿਅਕਤੀਆਂ ਕਰਮਜੀਤ ਸਿੰਘ ਵਾਸੀ ਰਣਜੀਤਗੜ੍ਹ ਬਾਂਦਰ, ਜੀਤਾ ਰਾਮ ਵਾਸੀ ਭਗਵਾਨਪੁਰ ਹੀਂਗਣਾ, ਸੁਭਾਸ਼ ਚੰਦ ਵਾਸੀ ਮੀਰਪੁਰ ਖੁਰਦ ਨੂੰ ਮੋਬਾਇਲ ਫੋਨ ’ਤੇ ਦੜਾ ਸੱਟਾ ਲਗਾਉਂਦਿਆਂ ਕਾਬੂ ਕੀਤਾ ਗਿਆ, ਜਦੋਂ ਗੋਰਾ ਲਾਲ ਵਾਸੀ ਸਰਦੂਲਗੜ੍ਹ ਮੌਕੇ ’ਤੇ ਭੱਜ ਗਿਆ। ਉਨ੍ਹਾਂ ਦੱਸਿਆ ਕਿ ਫੜੇ ਵਿਅਕਤੀਆਂ ਪਾਸੋਂ 9500 ਰੁਪਏ ਨਗਦੀ, ਇੱਕ ਮੋਬਾਇਲ ਫੋਨ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਖਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ।