ਚੰਡੀਗੜ੍ਹ 16 ਅਪਰੈਲ : ਪੰਜਾਬ ਵਿਜੀਲੈਂਸ ਬਿਓਰੋ ਨੇ ਪੰਜਾਬ ਰੋਡਵੇਜ ਦੇ ਅੰਮ੍ਰਿਤਸਰ ਡਿੱਪੁ ਵਿਖੇ ਤਾਇਨਾਤ ਗੁਰਦੀਪ ਸਿੰਘ ਇੰਸਪੈਕਟਰ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਸਾਲ 2011 ਤੋਂ 2016 ਦੇ ਸਮੇਂ ਦੌਰਾਨ ਗੁਰਦੀਪ ਸਿੰਘ ਇੰਸਪੈਕਟਰ ਵੱਲੋਂ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਪੜਤਾਲ ਕੀਤੀ ਗਈ ਜਿਸ ਵਿਚ ਇਸ ਇੰਸਪੈਕਟਰ ਵਲੋਂ ਇਸ ਸਮੇ ਦੌਰਾਨ ਆਪਣੇ ਜਾਣੂੰ ਵਸੀਲਿਆਂ ਤੋਂ ਪ੍ਰਾਪਤ ਕੁੱਲ ਆਮਦਨ ਨਾਲੋਂ 1,23,65,244/-ਰੁਪਏ ਦਾ ਵੱਧ ਖਰਚਾ ਕੀਤਾ ਗਿਆ ਜੋ ਕਿ ਅਸਲ ਆਮਦਨ ਨਾਲੋਂ 146.73 ਫੀਸਦੀ ਵੱਧ ਬਣਦਾ ਹੈ।
ਵਿਜੀਲੈਂਸ ਦੀ ਪੜਤਾਲ ਦੌਰਾਨ ਇਹ ਸਪੱਸ਼ਟ ਹੋਇਆ ਕਿ ਗੁਰਦੀਪ ਸਿੰਘ ਇੰਸਪੈਕਟਰ ਵੱਲੋਂ ਆਪਣੇ ਆਹੁਦੇ ਦੀ ਦੁਰਵਰਤੋਂ ਕਰਕੇ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ ਹੈ ਅਤੇ ਜਿਸ ਵਿਚ ਉਸ ਖਿਲਾਫ ਵਿਜੀਲੈਂਸ ਬਿਓਰੋ ਦੇ ਅੰਮ੍ਰਿਤਸਰ ਸਥਿਤ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਪੜਤਾਲ ਅਰੰਭ ਕਰ ਦਿੱਤੀ ਗਈ ਹੈ।