ਬਠਿੰਡਾ ਦੇ ਤੀਹਰੇ ਕਤਲ ਕਾਂਡ ਦੀਆਂ ਤਾਰਾਂ ਮਾਨਸਾ ਦੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਨਾਲ ਜੁੜੀਆਂ
ਐਸਐਸਪੀ ਮਾਨਸਾ ਵੱਲੋਂ ਬਠਿੰਡਾ ਪੁਲੀਸ ਮੁਤਾਬਕ ਕਾਰਵਾਈ ਕਰਨ ਦੀ ਹਾਮੀ ਭਰੀ
ਮਾਨਸਾ, 23 ਨਵੰਬਰ (ਵਿਸ਼ਵ ਵਾਰਤਾ)-ਮਾਨਸਾ ਖੁਰਦ ਵਿਖੇ ਇਕ ਨੌਜਵਾਨ ਵੱਲੋਂ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰਕੇ ਖੁਦਕੁਸ਼ੀ ਕਰਨ ਦਾ ਮਾਮਲਾ ਬਠਿੰਡਾ ਵਿਖੇ ਇਕ ਹੀ ਪਰਿਵਾਰ ਦੇ ਹੋਏ ਤੀਹਰੇ ਕਤਲ ਕੇਸ ਨਾਲ ਜੁੜ ਗਿਆ ਹੈ। ਮਾਨਸਾ ਖੁਰਦ ਨੇ ਨੌਜਵਾਨ ਯੁਵਕਰਨ ਸਿੰਘ ਨੇ ਖੁਦ ਨੂੰ ਗੋਲੀ ਮਾਰਕੇ ਖੁਦਕੁਸ਼ੀ ਕੀਤੀ ਤਾਂ ਬਠਿੰਡਾ ਪੁਲੀਸ ਨੇ ਇਸ ਨੂੰ ਸ਼ਹਿਰ ਦੀ ਕਮਲਾ ਨਹਿਰੂ ਕਾਲੋਨੀ ‘ਚ ਹੋਏ ਤੀਹਰੇ ਕਤਲ ਮਾਮਲੇ ਨਾਲ ਜੋੜਕੇ ਮਾਨਸਾ ਦੇ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦੇਣ ਦੀ ਗੱਲ ਕਹੀ ਗਈ ਹੈ।ਇਹ ਕਤਲ ਪ੍ਰੇਮ ਸਬੰਧਾਂ ਵਿਚ ਹੋਏ ਹਨ।ਮਾਨਸਾ ਪੁਲੀਸ ਦਾ ਕਹਿਣਾ ਹੈ ਕਿ ਬਠਿੰਡਾ ਪੁਲੀਸ ਇਸ ‘ਤੇ ਕਾਰਵਾਈ ਕਰ ਰਹੀ ਹੈ ਤੇ ਤਫਤੀਸ਼ ਵਿਚ, ਜੋ ਕੁੱਝ ਵੀ ਸਾਹਮਣੇ ਆਵੇਗਾ,ਉਸ ਅਨੁਸਾਰ ਮਾਨਸਾ ਪੁਲੀਸ ਵੀ ਇਸ ਮਾਮਲੇ ਵਿਚ ਬਣਦੀ ਕਾਰਵਾਈ ਅਮਲ ਵਿਚ ਲਿਆਵੇਗੀ।
ਦੱਸਿਆ ਜਾ ਰਿਹਾ ਹੈ ਕਿ ਮਾਨਸਾ ਦੇ ਇਸ ਨੌਜਵਾਨ ਨੇ ਬਠਿੰਡਾ ਦੇ ਕਤਲ ਕਾਂਡ ਨੁੰ ਅੰਜਾਮ ਦਿੱਤਾ ਤੇ ਇਸ ਦੀ ਵੀਡੀÀ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਕੀਤੀ,ਜਿਸ ਨੂੰ ਅੰਜਾਮ ਦੇਣ ਤੋਂ ਬਾਅਦ ਉਸਨੇ ਵੀ ਖੁਦਕੁਸ਼ੀ ਕਰ ਲਈ। ਮਾਨਸਾ ਖੁਰਦ ਦੇ ਰਹਿਣ ਵਾਲੇ ਇਸ ਨੌਜਵਾਨ ਦਾ ਨਾਂ ਯੁਵਕਰਨ ਸਿੰਘ ਦੱਸਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਬਠਿੰਡਾ ਦੀ ਕਮਲਾ ਨਹਿਰੂ ਕਾਲੋਨੀ ਵਾਸੀ ਚਰਨਜੀਤ ਸਿੰਘ ਖੋਖਰ ਸੈਕਟਰੀ ਸਹਿਕਾਰੀ ਸਭਾ,ਉਸਦੀ ਪਤਨੀ ਜਸਵਿੰਦਰ ਕੌਰ ਤੇ ਪੁੱਤਰੀ ਸਿਮਰਜੀਤ ਕੌਰ ਦਾ ਕਿਸੇ ਨੇ ਰਾਤ ਵੇਲੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ।ਪੁਲੀਸ ਬਠਿੰਡਾ ਦੀ ਤਫਤੀਸ਼ ਵਿਚ ਸਾਹਮਣੇ ਆਇਆ ਕਿ ਉਕਤ ਕਤਲ ਇਸ ਨੌਜਵਾਨ ਨੇ ਹੀ ਕੀਤੇ ਹਨ।ਉਧਰ ਮੁਲਜ਼ਮ ਵਿਅਕਤੀ ਵੱਲੋਂ ਜਾਰੀ ਕੀਤੇ ਵੀਡੀÀ ਮੈਸਿਜ ਰਾਹੀਂ ਦੱਸਿਆ ਕਿ ਕਰੀਬ ਦੋ ਕੁ ਸਾਲਾਂ ਤੋਂ ਚਰਨਜੀਤ ਸਿੰਘ ਦੀ ਲੜਕੀ ਸਿਮਰਜੀਤ ਕੌਰ ਨਾਲ ਉਸਦੇ ਪ੍ਰੇਮ ਸਬੰਧ ਚੱਲੇ ਆ ਰਹੇ ਸਨ,ਪਰ ਲੜਕੀ ਦੇ ਚਾਲ-ਚੱਲਣ ‘ਤੇ ਸ਼ੱਕ ਹੋ ਗਿਆ,ਜਿਸ ਕਰਕੇ ਲੜਕੀ ਦੇ ਕਹਿਣ ‘ਤੇ ਵੀ ਉਸਨੇ ਉਸ ਨਾਲ ਵਿਆਹ ਕਰਵਾਉਣ ਤੋਂ ਕੋਰਾ ਜਵਾਬ ਦੇ ਦਿੱਤਾ ਸੀ।
ਵੀਡੀਓ ਵਿਚ ਨੌਜਵਾਨ ਨੇ ਦੱਸਿਆ ਗਿਆ ਹੈ ਕਿ ਲੜਕੀ ਉਸਤੇ ਵਿਆਹ ਕਰਵਾਉਣ ਦਾ ਦਬਾਅ ਪਾਉਂਦਿਆਂ ਉਸ ‘ਤੇ ਬਲਾਤਕਾਰ ਦਾ ਮਾਮਲਾ ਦਰਜ ਕਰਵਾਉਣ ਦਾ ਡਰ ਦੇ ਰਹੀ ਸੀ।ਇਸ ਪ੍ਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਯੁਵਕਰਨ ਸਿੰਘ ਰਾਤ ਵੇਲੇ ਰਿਵਾਲਵਰ ਲੈਕੇ ਲੜਕੀ ਦੇ ਘਰ ਪੁੱਜਿਆ ਤੇ ਉਸ ਨਾਲ ਝਗੜਾ ਹੋਣ ਤੋਂ ਬਾਅਦ ਉਸਨੇ ਤਿੰਨਾਂ ਨੂੰ ਗੋਲੀਆਂ ਮਾਰਕੇ ਮਾਰ ਮੁਕਾਇਆ।
ਮਾਨਸਾ ਦੇ ਐਸਐਸਪੀ ਸੁਰੇਂਦਰ ਲਾਂਬਾ ਦਾ ਕਹਿਣਾ ਹੈ ਕਿ ਉਕਤ ਮਾਮਲਾ ਬਠਿੰਡਾ ਦੇ ਕਤਲ ਕੇਸ ਨਾਲ ਜੁੜੇ ਹੋਣ ਦੀ ਸੂਚਨਾ ਮਿਲੀ ਹੈ,ਜਿਸ ਤੇ ਬਠਿੰਡਾ ਪੁਲੀਸ ਕਾਰਵਾਈ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਠਿੰਡਾ ਪੁਲੀਸ ਦੀ ਤਫਤੀਸ਼ ਤੋਂ ਬਾਅਦ ਮਾਨਸਾ ਪੁਲੀਸ ਇਸ ‘ਤੇ ਅਗਲੀ ਬਣਦੀ ਕਾਰਵਾਈ ਅਮਲ ਵਿਚ ਲਿਆਵੇਗੀ।ਉਨ੍ਹਾਂ ਦੱਸਿਆ ਕਿ ਮਾਨਸਾ ਪੁਲੀਸ ਜਿਵੇਂ ਹੀ ਬਠਿੰਡਾ ਪੁਲੀਸ ਤਫਤੀਸ਼ ਵਿਚ ਸਾਹਮਣੇ ਲੈਕੇ ਆਵੇਗੀ,ਉਸ ਅਨੁਸਾਰ ਕਾਰਵਾਈ ਕਰੇਗੀ।