ਕਿਸਾਨਾਂ ਦਾ ਮੰਨਣਾ ‘ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਉਣਗੇ ਇਹ ਕਾਨੂੰਨ‘
ਅੰਮ੍ਰਿਤਸਰ, 20 ਅਕਤੂਬਰ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲਏ ਗਏ ਇਤਹਾਸਕ ਫੈਸਲੇ, ਜੋ ਕਿ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਹਨ, ਨੂੰ ਜਿਲੇ ਦੇ ਕਿਸਾਨਾਂ ਨੇ ਇਤਹਾਸਕ ਫੈਸਲੇ ਦੱਸਦੇ ਹੋਏ ਇਸ ਦਾ ਸਵਾਗਤ ਕੀਤਾ ਹੈ। ਕਈ ਦਿਨਾਂ ਤੋਂ ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਇੰਨਾਂ ਬਿੱਲਾਂ ਨਾਲ ਰਾਹਤ ਮਿਲੀ ਹੈ ਅਤੇ ਆਸ ਬੱਝੀ ਹੈ ਕਿ ਜਿਸ ਤਰਾਂ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਸਾਥ ਦਿੱਤਾ ਹੈ, ਉਸ ਨਾਲ ਸ਼ਾਇਦ ਪੰਜਾਬ ਬਰਬਾਦ ਹੋਣ ਤੋਂ ਬਚ ਜਾਵੇ। ਅੱਜ ਸਥਾਨਕ ਦਾਣਾ ਮੰਡੀ ਵਿਚ ਝੋਨਾ ਵੇਚਣ ਆਏ ਬਹੁਤੇ ਕਿਸਾਨ ਸਵੇਰ ਤੋਂ ਹੀ ਕਿਸੇ ਵੱਡੇ ਫੈਸਲੇ ਦੀ ਆਸ ਵਿਚ ਉਡੀਕ ਕਰ ਰਹੇ ਸਨ ਅਤੇ ਜਿਉਂ ਹੀ ਮੀਡੀਆ ਰਾਹੀਂ ਇਹ ਬਿੱਲ ਪੇਸ਼ ਕੀਤੇ ਗਏ ਤਾਂ ਕਿਸਾਨਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਇੰਨਾਂ ਦਾ ਸ ਸਵਾਗਤ ਕੀਤਾ।
ਇਸ ਮੌਕੇ ਅਮਨਜੀਤ ਸਿੰਘ ਪਿੰਡ ਕੋਟਲਾ ਤਰਖਾਣਾ ਨੇ ਗੱਲਬਾਤ ਕਰਦੇ ਕਿਹਾ ਕਿ ‘ਸਾਡਾ ਪਰਿਵਾਰ ਖੇਤੀ ਕਰਦਾ ਹੈ। ਆਹ ਜਿਹੜੇ ਨਵੇਂ ਬਿਲ ਕੇਂਦਰ ਸਰਕਾਰ ਨੇ ਲਿਆਂਦੇ ਸਨ, ਕਾਰਨ ਭਵਿੱਖ ਨੂੰ ਲੈ ਕੇ ਵੱਡੀ ਚਿੰਤਾ ਸੀ, ਪਰ ਅੱਜ ਕੈਪਟਨ ਸਾਹਿਬ ਨੇ ਜੋ ਨਹਿਲੇ ਉਤੇ ਦਹਿਲਾ ਮਾਰਿਆ, ਉਸ ਨਾਲ ਸੁੱਖ ਦਾ ਸਾਹ ਆਇਆ ਹੈ। ਅਸੀਂ ਪੈਦਾ ਤਾਂ ਸਭ ਕੁੱਝ ਕਰ ਸਕਦੇ ਹਾਂ, ਪਰ ਵੱਡੇ ਕਾਰੋਬਾਰੀ ਆਪਣੇ ਮੁਨਾਫੇ ਲਈ ਸਾਡੀ ਉਪਜ ਨੂੰ ਲੁੱਟ ਸਕਦੇ ਸਨ,ਪਰ ਹੁਣ ਮੁੱਖ ਮੰਤਰੀ ਪੰਜਾਬ ਵੱਲੋਂ ਬਣਾਏ ਨਵੇਂ ਕਾਨੂੰਨਾਂ ਨਾਲ ਮੁੜ ਆਸ ਦੀ ਕਿਰਨ ਬੱਝੀ ਹੈ।‘ ਉਨਾਂ ਇਸ ਫੈਸਲੇ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।
ਇਸੇ ਦੌਰਾਨ ਪਿੰਡ ਰਾਜੇਵਾਲ ਦੇ ਕਿਸਾਨ ਸ. ਬਲਰਾਜ ਸਿੰਘ ਨੇ ਕਿਹਾ ਕਿ ਜਿਸ ਤਰਾਂ ਮੋਦੀ ਸਰਕਾਰ ਨੇ ਸਾਨੂੰ ਠੇਡਾ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਉਸ ਨਾਲ ਸਾਡਾ ਵੱਡਾ ਨੁਕਸਾਨ ਹੋਣਾ ਸੀ। ਭਾਵੇਂ ਅਸੀਂ ਉਸ ਦਿਨ ਤੋਂ ਹੀ ਕੇਂਦਰ ਸਰਕਾਰ ਵਿਰੁੱਧ ਮੋਰਚਾ ਗੱਡਿਆ ਹੈ, ਪਰ ਕੇਂਦਰ ਸਰਕਾਰ ਨੇ ਤਾਂ ਸਾਡੀ ਅਜੇ ਤੱਕ ਨਹੀਂ ਸੀ ਸੁਣੀ, ਪਰ ਆਹ ਕੈਪਟਨ ਸਾਹਿਬ ਨੇ ਆਪਣੀ ਜਰਨੈਲੀ ਵਿਖਾ ਕੇ ਸਾਡੇ ਮੋਢੇ ਨਾਲ ਮੋਢਾ ਜੋੜਿਆ ਹੈ। ਇਸ ਨਾਲ ਸਾਨੂੰ ਲੱਗਾ ਹੈ ਕਿ ਸਰਕਾਰ ਕਿਰਸਾਨੀ ਪ੍ਰਤੀ ਵੀ ਚੰਗੀ ਸੋਚ ਰੱਖਦੀ ਹੈ। ਜਿਵੇਂ ਸੰਨ 2004 ਵਿਚ ਕੈਪਟਨ ਸਾਹਿਬ ਨੇ ਪਾਣੀਆਂ ਦੇ ਮੁੱਦੇ ਉਤੇ ਦਰਿਆਵਾਂ ਦਾ ਨੱਕਾ ਮੋੜ ਦਿੱਤਾ ਸੀ, ਉਸੇ ਤਰਾਂ ਅੱਜ ਮੋਦੀ ਅੱਗੇ ਹਿੱਕ ਡਾਹ ਕੇ ਦੱਸ ਦਿੱਤਾ ਹੈ ਕਿ 56ਇੰਚ ਦੇ ਸੀਨੇ ਵਾਲੇ ਇੰਝ ਨਹੀਂ ਇੰਝ ਕਰਦੇ ਆ