8 ਅਪ੍ਰੈਲ 1929- ਜਦੋਂ ਭਗਤ ਸਿੰਘ ਅਤੇ ਬੀਕੇ ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਬੋਲ਼ੀ ਫਰੰਗੀ ਹਕੂਮਤ ਨੂੰ ਗੂੜ੍ਹੀ ਨੀਂਦਰੋਂ ਜਗਾਇਆ ਸੀ
ਚੰਡੀਗੜ੍ਹ,8ਅਪ੍ਰੈਲ(ਵਿਸ਼ਵ ਵਾਰਤਾ)- ਭਾਰਤ ਨੂੰ ਅੰਗ੍ਰੇਜ਼ਾਂ ਤੋਂ ਆਜ਼ਾਦੀ ਦਵਾਉਣ ਲਈ ਹਜ਼ਾਰਾਂ ਘੁਲਾਟੀਆਂ ਨੇ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ । 1929 ਸਾਲ ਦੇ ਅਪ੍ਰੈਲ ਮਹੀਨੇ ਦੀ 8 ਤਰੀਕ ਨੂੰ ਸ਼ਹੀਦ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟ ਕੇ ਬੋਲ਼ੀ ਫਰੰਗੀ ਹਕੂਮਤ ਨੂੰ ਗੂੜ੍ਹੀ ਨੀਂਦਰੋਂ ਜਗਾਇਆ ਸੀ।
ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 93 ਸਾਲ ਪਹਿਲਾਂ ਦਿੱਲੀ ਕੇਂਦਰੀ ਵਿਧਾਨ ਸਭਾ ਵਿੱਚ ਬੰਬ ਸੁੱਟਣ ਤੋਂ ਬਾਅਦ ਗ੍ਰਿਫਤਾਰੀ ਦੇ ਦਿੱਤੀ ਸੀ ਅਤੇ ਧਮਾਕੇ ਦੇ ਮੁਕੱਦਮੇ ਦੌਰਾਨ ਕਿਹਾ ਸੀ, ‘ਜੇਕਰ ਬੋਲ਼ਿਆਂ ਨੂੰ ਸੁਣਾਉਣਾ ਹੋਵੇ ਤਾਂ ਆਵਾਜ਼ ਬਹੁਤ ਉੱਚੀ ਹੋਣੀ ਚਾਹੀਦੀ ਹੈ।
ਸ਼ਹੀਦ ਭਗਤ ਸਿੰਘ-(ਕਾਵਿ – ਪ੍ਰਮਾਣ)
ਪ੍ਰੋਃ ਦੀਦਾਰ ਸਿੰਘ ਬਹੁਤ ਬੁਲੰਦ ਸ਼ਾਇਰ ਸਨ। ਉਨ੍ਹਾਂ ਨੇ ਇਤਿਹਾਸ ਮੂਲਕ ਕਿੱਸਾ ਸ਼ਹੀਦ ਭਗਤ ਸਿੰਘ ਲਿਖਿਆ ਜੋ ਪਹਿਲੀ ਵਾਰ ਯੁਵਕ ਕੇਂਦਰ ਜਲੰਧਰ ਨੇ ਸੰਖੇਪ ਰੂਪ ਵਿੱਚ ਪ੍ਰਕਾਸ਼ਿਤ ਕੀਤਾ। ਮਗਰੋਂ ਪ੍ਰੋਃ ਜਗਮੋਹਨ ਸਿੰਘ ਜੀ ਨੇ ਇਸ ਨੂੰ ਮੁਕੰਮਲ ਪ੍ਰਕਾਸ਼ਿਤ ਕਰਵਾਇਆ।
ਇਹ ਹਿੱਸਾ ਉਸ ਸ਼ਹੀਦ ਭਗਤ ਸਿੰਘ ਕਾਵਿ ਪ੍ਰਮਾਣ ਵਿੱਚੋਂ ਯਸ਼ ਪਾਲ ਜੀ ਨੇ ਅੱਜ ਸਵੇਰੇ ਭੇਜਿਆ।
1929 ਸਾਲ ਦੇ ਅਪ੍ਰੈਲ ਮਹੀਨੇ ਦੀ 8 ਤਰੀਕ ਨੂੰ ਸ਼ਹੀਦ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟ ਕੇ ਬੋਲ਼ੀ ਫਰੰਗੀ ਹਕੂਮਤ ਨੂੰ ਗੂੜ੍ਹੀ ਨੀਂਦਰੋਂ ਜਗਾਇਆ ਸੀ।
ਗੁਰਭਜਨ ਗਿੱਲ
8 ਅਪ੍ਰੈਲ 1929
ਦਿੱਲੀ ਅਸੈਂਬਲੀ ਹਾਲ ਵਿੱਚ ਬੰਬ
“ਗੋਰੇ ਦੀ ਲੁੱਟ ਚਲੇ ਕਿਉਂ ਕਾਨੂੰਨਾਂ ਅਨੁਸਾਰ।”
ਬੰਬ ਸੁੱਟਣ ਦਾ ਫੈਸਲਾ ਹੋ ਗਿਆ ਆਖਰਕਾਰ।
ਬੰਦੇ ਮਾਰਨ ਦਾ ਨਹੀਂ ਸੀਗਾ ਕੋਈ ਵਿਚਾਰ।
ਵਿੱਚ ਅਸੈਂਬਲੀ ਹਾਲ ਦੇ ਪਾਉਣੀ ਸੀ ਗੁੰਜਾਰ।
ਗੋਰੇ ਨੂੰ ਲਲਕਾਰ ਕੇ ਹੋਣਾ ਸੀ ਗ੍ਰਿਫ਼ਤਾਰ।
ਆਜ਼ਾਦੀ ਦੇ ਹੱਕ ‘ਤੇ ਹੋਣੀ ਸੀ ਤਕਰਾਰ।
ਭਗਤ ਸਿੰਘ ਨੂੰ ਪਤਾ ਸੀ ਜੇ ਹੋਣਾ ਗ੍ਰਿਫ਼ਤਾਰ।
ਮੁੜ ਕੇ ਬਾਹਰ ਨਾ ਆਵਣਾ ਕਾਨੂੰਨਾਂ ਅਨੁਸਾਰ।
ਭਗਤ ਸਿੰਘ ਤੇ ਦੱਤ ਨੇ ਹੋ ਜਾਣਾ ਕੁਰਬਾਨ।
ਕਾਨੂੰਨਾਂ ਨੂੰ ਰਿੜਕਣਾ ਦੇ ਦੇਣੀ ਏ ਜਾਨ।
ਸਾਜ਼ਸ਼ ਕੇਸ ਲਾਹੌਰ’ ਦਾ ਉਸ ਤੇ ਸੀਗਾ ਦੋਸ਼।
ਇਸ ਗੱਲ ਦੀ ਵੀ ਭਗਤ ਨੂੰ ਪੂਰੀ ਸੀਗੀ ਹੋਸ਼।
ਮੌਤੋਂ ਬਿਨਾਂ ਨਾ ਟੁੱਟਣਾ ਕਾਨੂੰਨਾਂ ਦਾ ਜਾਲ।
ਇਸ ਗੱਲ ਵਿੱਚ ਵੀ ਸ਼ੱਕ ਨਾ ਸੀਗਾ ਰੱਤਾ ਰਵਾਲ।
ਕਿਹੜਾ ਹੋਵੇ,ਮੌਤ ਨੂੰ ਹੱਸਦਾ ਕਰੇ ਕਬੂਲ?
ਵਿੱਚ ਗੁਲਾਮੀ ਜੀਵਣਾ ਸਮਝੇ ਪਿਆਂ ਫ਼ਜ਼ੂਲ ।
ਸਿਖ਼ਰ ਸਿਆਲ ਗੁਜ਼ਰ ਗਏ, ਗੁਜ਼ਰ ਗਈ ਸੀ ਰਾਤ।
ਖੁੱਲ੍ਹੀ ਰੁੱਤ ਅਪ੍ਰੈਲ ਦੀ ਭਿੰਨੀ ਸੀ ਪ੍ਰਭਾਤ ।
ਪਹੁ ਫੁਟਾਲੇ ਦੇਸ਼ ਦੇ ਹੋ ਹੋ ਜਾਵਣ ਲਾਲ।
ਜਾਪੇ ਲੋਕ-ਉਭਾਰ ਨੂੰ ਕੁਦਰਤ ਦੇਂਦੀ ਤਾਲ।
ਸੰਨ ਉੱਨੀ ਸੌ ਉਨੱਤੀਆ ਦਿਨ ਸੀ ਅੱਠ ਅਪ੍ਰੈਲ।
ਰਿਪਬਲਿਕ ਫੌਜ ਨੇ ਘੱਲ ਦਿੱਤੇ ਦੋ ਛੈਲ।
ਵਿੱਚ ਅਸੈਂਬਲੀ ਪੇਸ਼ ਸੀ’ਪਬਲਿਕ ਸੇਫ਼ਟੀ ਬਿੱਲ’।
ਧੋਖੇਬਾਜ਼ ਕਾਨੂੰਨ ਸੀ, ਹਾਕਮ ਸੀ ਤੰਗ ਦਿਲ।
ਮਿਥਿਆ ਉਹਨਾਂ ਠੋਕਣਾ,ਧੋਖੇ ਦੇ ਸਿਰ ਕਿੱਲ।
‘ਵਿਠਲ ਭਾਈ’ ਪਰਧਾਨ ਸੀ ਕਰਨੀ ਗੱਲ ਬਰੀਕ।
ਉਹ ਰੂਲਿੰਗ ਸੀ ਦੇਵਣਾ ਜਿਸ ਦੀ ਬੜੀ ਉਡੀਕ।
ਜਿਸ ਦਮ ਰੂਲਿੰਗ ਦੇਣ ਨੂੰ ਉੱਠੇ ਸਨ ਪਰਧਾਨ।
ਖਾਲੀ ਬੈਂਚਾਂ ਸਾਹਮਣੇ ਬੰਬ ਇੱਕ ਫਟਿਆ ਆਣ।
ਆਤਸ਼ਬਾਜੀ ਸਮਝਿਆ ਕਈਆਂ ਨੇ ਤੂਫ਼ਾਨ।
ਜਾਂ ਕੋਈ ਪ੍ਰਬੰਧ ਹੈ ਫੇਰਨ ਲਈ ਧਿਆਨ?
(ਪਰ)ਗੂੰਜੇ ਗੂੰਜਣ ਵਾਕਰਾਂ,ਟੈਂਕਰ ਤੇ ਦਾਲਾਨ।
ਸੁਣ ਕੇ ਸਭੇ ਠਠੰਬਰੇ, ਮੈਂਬਰ ਤੇ ਮਹਿਮਾਨ।
ਕੰਬਣ ਕਾਨੇ ਵਾਕਰਾਂ, ਹੋ ਗਏ ਖੁਸ਼ਕ ਪ੍ਰਾਣ।
ਏਧਰ ਓਧਰ ਨੱਸ ਕੇ ਲੱਗੇ ਜਾਨ ਬਚਾਣ।
ਏਨੇ ’ਚ ਬੰਬ ਹੋਰ ਇੱਕ ਵੱਜਿਆ ਏਸੇ ਥਾਨ।
ਜਦ ਧੂੰ ਘਟਿਆ ਰਤਾ ਕੁ, ਹੋਇਆ ਸਾਫ਼ ਦਲਾਨ।
ਦਿੱਸੇ ਸਾਹਵੀਂ ਗੈਲਰੀ ਵਿੱਚ ਦੋ ਛੈਲ ਜਵਾਨ।
🔴
ਪੇਸ਼ਕਸ਼ : ਯਸ਼ ਪਾਲ