ਚੰਡੀਗਡ਼੍ਹ, 21 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਜਿਲਾ ਮਾਨਸਾ ਵਿਖੇ ਤਾਇਨਾਤ ਮਾਲ ਪਟਵਾਰੀ ਨੂੰ 40,000 ਹੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਇਸ ਤੋਂ ਇਲਾਵਾ ਪਨਸਪ ਦੇ ਮੋਗਾ ਸਥਿਤ ਡਿਪੂ ਵਿਖੇ ਤਾਇਨਾਤ ਦੋ ਮੁਲਾਜਮਾਂ ਸਮੇਤ ਇੱਕ ਪ੍ਰਾਈਵੇਟ ਵਿਅਕਤੀ ਨੂੰ ਤਰਸ ਦੇ ਅਧਾਰ ‘ਤੇ ਸਰਕਾਰੀ ਨੌਕਰੀ ਲੈਣ ਅਤੇ ਮੱਦਦ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਓਰੋ ਵਲੋਂ ਮਾਲ ਹਲਕਾ ਜਟਾਣਾ ਕਲਾਂ ਜਿਲਾ ਮਾਨਸਾ ਵਿਖੇ ਤਾਇਨਾਤ ਮਾਲ ਪਟਵਾਰੀ ਕੁਲਵੀਰ ਸਿੰਘ ਨੂੰ ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਵਾਸੀ ਮਾਈਸਰਖਾਨਾ ਜਿਲਾ ਬਠਿੰਡਾ ਦੀ ਸ਼ਿਕਾਇਤ ‘ਤੇ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਪਟਵਾਰੀ ਵਲੋਂ ਉਸ ਦੀ ਸੱਸ ਦੀ ਜੱਦੀ ਜ਼ਮੀਨ ਦਾ ਵਿਰਾਸਤੀ ਇੰਤਕਾਲ ਦਰਜ ਕਰਨ ਬਦਲੇ 1,15,000 ਰੁਪਏ ਦੀ ਮੰਗ ਕੀਤੀ ਗਈ ਅਤੇ 40,000 ਰੁਪਏ ਪਹਿਲੀ ਕਿਸ਼ਤ ਵਜੋਂ ਦੇ ਦਿੱਤੇ ਹਨ ਤੇ ਦੂਜੀ ਕਿਸ਼ਤ ਵਜੋਂ 40,000 ਰੁਪਏ ਦਿੱਤੇ ਜਾਣੇ ਹਨ। ਬਾਕੀ ਰਹਿੰਦੇ ਪੈਸੇ ਇੰਤਕਾਲ ਦੀ ਨਕਲ ਮਿਲਣ ‘ਤੇ ਅਦਾ ਕਰਨ ਲਈ ਕਿਹਾ ਗਿਆ ਹੈ।
ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪਡ਼ਤਾਲ ਉਪਰੰਤ ਉਕਤ ਦੋਸ਼ੀ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਅੱਜ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਬਠਿੰਡਾ ਸਥਿਤ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਸੇ ਦੌਰਾਨ ਵਿਜੀਲੈਂਸ ਬਿਊਰੋ ਨੇ ਲਾਲ ਸਿੰਘ ਚੌਂਕੀਦਾਰ ਪਨਸਪ ਮੋਗਾ ਵੱਲੋਂ ਚਾਚੇ ਦੀ ਮੌਤ ਉਪਰੰਤ ਜਾਅਲੀ ਦਸਤਾਵੇਜਾਂ ਰਾਹੀਂ ਤਰਸ ਦੇ ਆਧਾਰ ‘ਤੇ ਨੌਕਰੀ ਹਾਸਲ ਕਰਨ ਅਤੇ ਮੱਦਦ ਕਰਨ ਵਿਰੁੱਧ ਦਰਜ ਮੁਕੱਦਮੇ ਵਿੱਚ ਅੱਜ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਐਸ.ਪੀ. ਵਿਜੀਲੈਂਸ ਕੁਲਵੰਤ ਰਾਏ ਨੇ ਦੱਸਿਆ ਕਿ ਐਸ.ਐਸ.ਪੀ. ਵਿਜੀਲੈਂਸ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਗੌਰਵ ਗਰਗ ਦੀ ਨਿਗਰਾਨੀ ਹੇਠ ਪਨਸਪ ਦੇ ਮੋਗਾ ਡਿਪੂ ਵਿਖੇ ਤਾਇਨਾਤ ਚਾਰ ਦੋਸ਼ੀਆਂ ਬਰਖਿਲਾਫ਼ ਇੱਕ ਮੁਕੱਦਮਾ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ 13 (1) (ਡੀ), 13(2) ਤਹਿਤ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਥਾਣਾ ਆਰਥਿਕ ਅਪਰਾਧ ਸ਼ਾਖਾ ਵਿਖੇ ਦਰਜ ਕੀਤਾ ਗਿਆ ਹੈ ਜਿੰਨਾਂ ਵਿੱਚ ਲਾਲ ਸਿੰਘ ਚੌਂਕੀਦਾਰ, ਪ੍ਰਿਤਪਾਲ ਸਿੰਘ ਕਲਰਕ, ਰਜਿੰਦਰਪਾਲ ਸ਼ਰਮਾ ਸੇਵਾਨਵਿਰਤ ਡਿਪੂ ਮੈਨੇਜਰ ਅਤੇ ਮੁਖਤਿਆਰ ਸਿੰਘ ਨੰਬਰਦਾਰ ਸ਼ਾਮਲ ਹਨ।
ਬੁਲਾਰੇ ਨੇ ਦੱਸਿਆ ਕਿ ਦੋਸ਼ੀ ਲਾਲ ਸਿੰਘ ਚੌਂਕੀਦਾਰ ਵੱਲੋਂ ਰਿਕਾਰਡ ਵਿੱਚ ਛੇਡ਼ਖਾਨੀ ਰਾਹੀਂ ਜਾਅਲੀ ਦਸਤਾਵੇਜ਼ ਤਿਆਰ ਕਰਕੇ ਆਪਣੇ ਪਿਤਾ ਗੁਰਦਿਆਲ ਸਿੰਘ ਦੀ ਜਗ੍ਹਾ ‘ਤੇ ਆਪਣੇ ਚਾਚੇ ਪ੍ਰੀਤਮ ਸਿੰਘ ਦਾ ਨਾਮ ਲਿਖ ਦਿੱਤਾ ਜੋ ਕਿ ਪਨਸਪ ਵਿੱਚ ਬਤੌਰ ਸੇਵਾਦਾਰ ਨੌਕਰੀ ਕਰਦਾ ਸੀ। ਉਸਦੀ ਸਾਲ 2006 ਵਿੱਚ ਮੌਤ ਹੋਣ ‘ਤੇ ਉਸਦੀ ਜਗ੍ਹਾ ‘ਤੇ ਤਰਸ ਦੇ ਆਧਾਰ ‘ਤੇ ਨੌਕਰੀ ਹਾਸਲ ਕਰ ਲਈ।
ਉਨਾਂ ਦੱਸਿਆ ਕਿ ਇਸ ਕੇਸ ਵਿੱਚ ਦੋਸ਼ੀ ਲਾਲ ਸਿੰਘ ਚੌਂਕੀਦਾਰ, ਪ੍ਰਿਤਪਾਲ ਸਿੰਘ ਕਲਰਕ ਅਤੇ ਮੁਖਤਿਆਰ ਸਿੰਘ ਨੰਬਰਦਾਰ ਪਿੰਡ ਰਸੂਲਪੁਰ ਮੱਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮੁਕੱਦਮੇ ਦੀ ਹੋਰ ਤਫਤੀਸ਼ ਜਾਰੀ ਹੈ। ਉਨਾਂ ਕਿਹਾ ਕਿ ਚੌਥੇ ਦੋਸ਼ੀ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
Latest News: ਨਸ਼ੇ ਦੇ ਸੁਦਾਗਰਾਂ ਦਾ ਜਿਉਣਾ ਦੁੱਭਰ ਕਰ ਦਿਆਗਾ – ਥਾਣਾ ਮੁਖੀ ਰਮਨ ਕੁਮਾਰ
Latest News: ਨਸ਼ੇ ਦੇ ਸੁਦਾਗਰਾਂ ਦਾ ਜਿਉਣਾ ਦੁੱਭਰ ਕਰ ਦਿਆਗਾ - ਥਾਣਾ ਮੁਖੀ ਰਮਨ ਕੁਮਾਰ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ...