31 ਸਾਲ ਬਾਅਦ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ‘ਚ 3 ਪੁਲਿਸ ਮੁਲਾਜ਼ਮਾਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ
ਚੰਡੀਗੜ੍ਹ,15 ਸਤੰਬਰ(ਵਿਸ਼ਵ ਵਾਰਤਾ)-ਸੀਬੀਆਈ ਅਦਾਲਤ ਵੱਲੋਂ 1992 ਵਿੱਚ ਹੋਏ ਝੂਠੇ ਪੁਲਿਸ ਮੁਕਾਬਲੇ ਦੇ ਕੇਸ ਵਿੱਚ ਫੈਸਲਾ ਸੁਣਾਉਂਦੇ ਹੋਏ ਅੰਮ੍ਰਿਤਸਰ ਦੇ ਤਿੰਨ ਤਤਕਾਲੀ ਪੁਲੀਸ ਮੁਲਾਜ਼ਮਾਂ ਇੰਸਪੈਕਟਰ ਧਰਮ ਸਿੰਘ, ਏਐਸਆਈ ਸੁਰਿੰਦਰ ਸਿੰਘ ਅਤੇ ਗੁਰਦੇਵ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਤਿੰਨਾਂ ਪੁਲਿਸ ਮੁਲਾਜ਼ਮਾਂ ਨੂੰ 2 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਾਲ 1992 ਵਿੱਚ ਤਿੰਨ ਨੌਜਵਾਨਾਂ ਹਰਜੀਤ ਸਿੰਘ, ਲਖਵਿੰਦਰ ਸਿੰਘ ਅਤੇ ਜਸਪਿੰਦਰ ਸਿੰਘ ਦਾ 9 ਪੁਲਿਸ ਵਾਲਿਆਂ ਨੇ ਫੇਕ ਐਨਕਾਊਂਟਰ ਕੀਤਾ ਸੀ। 31 ਸਾਲ ਬਾਅਦ ਆਪਣੇ ਪਿਤਾ ਦੀ ਮੌਤ ਦਾ ਇਨਸਾਫ਼ ਮਿਲਣ ‘ਤੇ ਮ੍ਰਿਤਕ ਹਰਜੀਤ ਸਿੰਘ ਦੇ ਪੁੱਤਰ ਰਾਮਪ੍ਰੀਤ ਸਿੰਘ ਵਾਸੀ ਬੁੱਟਰ ਸੇਵੀਆਂ ਨੇ ਦੱਸਿਆ ਕਿ ਉਹ ਉਦੋਂ ਇਕ ਸਾਲ ਦਾ ਸੀ ਜਦੋਂ ਉਸ ਦੇ ਪਿਤਾ ਦਾ ਇਨ੍ਹਾਂ ਪੁਲਸੀਆਂ ਨੇ ਕਤਲ ਕਰ ਦਿੱਤਾ ਸੀ। ਉਸ ਨੇ ਕਿਹਾ ਕਿ ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ। ਰਾਮਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਪਰਿਵਾਰ ਇੱਕ ਸਮੇਂ ਹਿੰਮਤ ਹਾਰ ਗਿਆ ਸੀ ਤੇ ਲੱਗਦਾ ਸੀ ਕਿ ਇਨਸਾਫ਼ ਨਹੀਂ ਮਿਲੇਗਾ, ਪਰ ਮੇਰੇ ਦਾਦਾ ਜੀ ਨੇ ਹਿੰਮਤ ਨਹੀਂ ਹਾਰੀ। ਇਸ ਮਾਮਲੇ ਵਿੱਚ ਸੀਬੀਆਈ ਵੱਲੋਂ 57 ਗਵਾਹ ਪੇਸ਼ ਕੀਤੇ ਗਏ ਸਨ ਅਤੇ 9 ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਸੀ ਪਰ ਇਨ੍ਹਾਂ 31 ਸਾਲਾਂ ਵਿੱਚ ਜਿੱਥੇ 5 ਮੁਲਜ਼ਮਾਂ ਦੀ ਮੌਤ ਹੋ ਗਈ, ਉੱਥੇ ਹੀ 27 ਗਵਾਹ ਵੀ ਲਾਪਤਾ ਹਨ।