ਬਸਪਾ ਨੇ ਰਾਜਧਾਨੀ ਵਿਚ ਦਫਤਰ ਲਈ ਜ਼ਮੀਨ ਅਲਾਟ ਕਰਨ ਦੀ ਕੀਤੀ ਮੰਗ
ਚੰਡੀਗੜ੍ਹ, 1 ਅਗਸਤ(ਵਿਸ਼ਵ ਵਾਰਤਾ)- ਬਹੁਜਨ ਸਮਾਜ ਪਾਰਟੀ ਵਲੋਂ ਗਰਵਨਰ ਸ਼੍ਰੀ ਬਨਵਾਰੀ ਲਈ ਪੁਰੋਹਿਤ ਨੂੰ ਮੈਮੋਰੰਡਮ ਦਿੰਦੇ ਹੋਏ ਰਾਜਧਾਨੀ ਚੰਡੀਗੜ੍ਹ ਵਿੱਚ ਬਸਪਾ ਯੂਨਿਟ ਪੰਜਾਬ ਲਈ ਦਫਤਰ ਬਣਾਉਣ ਲਈ ਜ਼ਮੀਨ ਅਲਾਟ ਕਰਨ ਦੀ ਮੰਗ ਕੀਤੀ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਅਤੇ ਬਸਪਾ ਵਿਧਾਇਕ ਡਾ ਨਛੱਤਰ ਪਾਲ ਵਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਕਿ ਬਹੁਜਨ ਸਮਾਜ ਪਾਰਟੀ 1996 ਤੋਂ ਭਾਰਤ ਦੇਸ਼ ਦੀ ਵੋਟਾਂ ਦੇ ਅਧਾਰ ਤੇ ਤੀਜੇ ਨੰਬਰ ਦੀ ਰਾਸ਼ਟਰੀ ਪਾਰਟੀ ਹੈ ਜਿਸਦਾ ਦੇਸ਼ ਦੇ ਬਹੁਗਿਣਤੀ ਸੂਬਿਆਂ ਵਿੱਚ ਭਾਰੀ ਜਨਅਧਾਰ ਹੈ। ਸਾਲ 1989 ਤੋਂ ਲੈਕੇ ਅੱਜ ਤੱਕ, ਪਿਛਲੇ 34ਸਾਲਾਂ ਤੋਂ ਪਾਰਲੀਆਮੈਂਟ ਦੇ ਦੋਹਾਂ ਸਦਨਾਂ ਵਿੱਚ ਬਸਪਾ ਪਾਰਟੀ ਅਤੇ ਕਈ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਵਿਧਾਇਕਾਂ ਦੇ ਮੈਬਰਾਂ ਦੇ ਰੂਪ ਵਿੱਚ ਬਸਪਾ ਪਾਰਟੀ ਦੀ ਚੁਣੀ ਹੋਈ ਨੁਮਾਇੰਦਗੀ ਮੌਜੂਦ ਹੈ। ਬਹੁਜਨ ਸਮਾਜ ਪਾਰਟੀ ਦੀ ਅਗਵਾਈ ਉੱਤਰ ਪ੍ਰਦੇਸ਼ ਦੇ ਚਾਰ ਚਾਰ ਵਾਰ ਦੇ ਰਹੇ ਮੁੱਖ ਮੰਤਰੀ ਤੇ ਮੌਜੂਦਾ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਕਰ ਰਹੇ ਹਨ।
ਸ ਗੜ੍ਹੀ ਨੇ ਅੱਗੇ ਕਿਹਾ ਕਿ ਪੰਜਾਬ ਸੂਬੇ ਵਿੱਚ ਬਹੁਜਨ ਸਮਾਜ ਪਾਰਟੀ 1985 ਵਿੱਚ ਰਾਜ ਮਾਨਤਾ ਪ੍ਰਾਪਤ ਪਾਰਟੀ ਬਣੀ। ਸਾਲ 1989 ਅਤੇ 1992 ਵਿੱਚ ਇੱਕ ਇੱਕ ਲੋਕ ਸਭਾ ਮੈਂਬਰ ਜਿੱਤਿਆ। ਬਸਪਾ ਪੰਜਾਬ ਵਿੱਚ ਸਾਲ 1992 ਵਿੱਚ ਵਿਧਾਨ ਸਭਾ ਵਿੱਚ 9 ਐਮ.ਐਲ.ਏ ਜਿੱਤਣ ਦੇ ਨਾਲ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਬਣੀ। ਬਹੁਜਨ ਸਮਾਜ ਪਾਰਟੀ ਦੇ ਸਾਲ 1996 ਵਿੱਚ ਤਿੰਨ ਲੋਕ ਸਭਾ ਮੈਂਬਰ ਜਿੱਤੇ। ਸਾਲ 1997 ਵਿੱਚ ਇੱਕ ਐਮ.ਐਲ.ਏ ਬਸਪਾ ਦਾ ਜਿੱਤਿਆ। ਬਸਪਾ ਦਾ ਮੌਜੂਦਾ ਵਿਧਾਨ ਸਭਾ ਵਿੱਚ ਵੀ ਨਵਾਂ ਸ਼ਹਿਰ ਤੋਂ ਇੱਕ ਐਮ.ਐਲ.ਏ. ਡਾ. ਨਛੱਤਰਪਾਲ ਹਨ।
ਓਹਨਾ ਕਿਹਾ ਕਿ ਹੋਰ ਵਿਲੱਖਣ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਪੰਜਾਬ ਸੂਬੇ ਦੇ ਰੋਪੜ ਜਿਲੇ ਦੇ ਜੰਮਪਲ ਸਨ। ਜਿਨਾਂ ਨੇ ਅਨੂਸੂਚਿਤ ਜਾਤੀਆਂ, ਜਨਜਾਤੀਆਂ, ਪਿਛੜਿਆਂ, ਗਰੀਬਾਂ ਮਜ਼ਲੂਮਾਂ ਭਾਵ ਬਹੁਜਨ ਸਮਾਜ ਲਈ ਰਾਜਨੀਤਿਕ, ਸਮਾਜਿਕ ਤੇ ਆਰਥਿਕ ਚੇਤਨਤਾ ਪੈਦਾ ਕਰਕੇ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾਇਆ। ਅਸਲੀਅਤ ਇਹ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ ਵਿੱਚ ਸਾਰੀਆਂ ਖੇਤਰੀ ਤੇ ਰਾਸ਼ਟਰੀ ਪਾਰਟੀਆਂ ਲਈ ਸਬੰਧਿਤ ਪਾਰਟੀਆਂ ਦੀਆ ਗਤੀਵਿਧੀਆਂ ਚਲਾਉਣ ਹਿਤ ਪਾਰਟੀ ਦਫਤਰ ਬਨਾਉਣ ਲਈ ਸਰਕਾਰੀ ਜਮੀਨ ਦੀ ਅਲਾਟਮੈਂਟ ਹੋਈ ਹੈ ਜਦੋਂ ਕਿ ਦਫਤਰ ਬਨਾਉਣ ਹਿੱਤ ਸਰਕਾਰੀ ਜ਼ਮੀਨ ਅਲਾਟਮੈਂਟ ਲਈ ਬਹੁਜਨ ਸਮਾਜ ਪਾਰਟੀ ਨੂੰ ਪਿਛਲੇ ਲੰਮੇ ਸਮੇਂ ਤੋਂ ਅਣਗੌਲਿਆਂ ਰੱਖਿਆ ਹੋਇਆ ਹੈ। ਜਦੋਂ ਕਿ ਸੂਬੇ ਭਰ ਵਿੱਚ ਲੋਕਤੰਤਰ ਨੂੰ ਕਾਇਮ ਰੱਖਣ ਲਈ ਪਾਰਟੀ ਦੀਆਂ ਗਤੀਵਿਧੀਆਂ ਹਿੱਤ ਰਾਜਧਾਨੀ ਚੰਡੀਗੜ੍ਹ ਵਿੱਚ ਬਸਪਾ ਲੀਡਰਸ਼ਿਪ ਦਾ ਆਉਣ ਜਾਣ ਬਣਿਆ ਰਹਿੰਦਾ ਹੈ। ਲੋਕਾਂ ਦੇ ਦੁੱਖਾਂ ਸੁੱਖਾਂ ਦੇ ਸਾਰੋਕਾਰਾਂ ਨੂੰ ਹੱਲ ਕਰਨ ਲਈ ਰਾਜਧਾਨੀ ਵਿੱਚ ਆਕੇ ਬਸਪਾ ਵਰਕਰ ਤੇ ਲੀਡਰਸ਼ਿਪ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਫਦ ਨੇ ਮੰਗ ਕੀਤੀ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਯੂਨਿਟ ਲਈ ਦਫਤਰ ਲਈ ਜਮੀਨ ਅਲਾਟ ਕੀਤੀ ਜਾਵੇ ਜੀ। ਇਸ ਮੌਕੇ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ, ਸੂਬਾ ਜਨਰਲ ਸਕੱਤਰ ਗੁਰਲਾਲ ਸੈਲਾ, ਸੂਬਾ ਜਨਰਲ ਸਕੱਤਰ ਡਾ ਜਸਪ੍ਰੀਤ ਬੀਜ਼ਾ ਹਾਜ਼ਰ ਸਨ।