ਦੁੱਧ ਤੇ ਸਬਜੀਆਂ ਘਰ ਘਰ ਪਹੁੰਚਣਗੀਆਂ
ਬਠਿੰਡਾ, 24 ਮਾਰਚ( ਵਿਸ਼ਵ ਵਾਰਤਾ )-ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਆਈ.ਏ.ਐਸ. ਨੇ ਅੱਜ ਇੱਥੋਂ ਜਾਰੀ ਬਿਆਨ ਵਿਚ ਸਪੱਸ਼ਟ ਕੀਤਾ ਹੈ ਕਿ ਮਿਤੀ 25 ਮਾਰਚ ਦਿਨ ਬੁੱਧਵਾਰ ਨੂੰ ਜ਼ਿਲਾ ਬਠਿੰਡਾ ਵਿਚ ਕਰਫਿਊ ਵਿਚ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ ਹੈ। ਉਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਵੀ ਕਰਫਿਉ ਸਬੰਧੀ ਜਾਂ ਕਰੋਨਾ ਸਬੰਧੀ ਕੋਈ ਝੂਠੀ ਅਫਵਾਹ ਫੈਲਾਈ ਤਾਂ ਅਜਿਹੇ ਲੋਕਾਂ ਖਿਲਾਫ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਕਿਹਾ ਕਿ ਸਮੂਚੀ ਮਨੁੱਖਤਾ ਦੀ ਸਿਹਤ ਸੁਰੱਖਿਆ ਲਈ ਕਰਫਿਊ ਦਾ ਪਾਲਣ ਕਰਨਾ ਜਰੂਰੀ ਹੈ। ਉਨਾਂ ਨੇ ਕਿਹਾ ਕਿ ਕੋਵਿਡ ਬਿਮਾਰੀ ਆਪਸੀ ਸੰਪਰਕ ਨਾਲ ਫੈਲਦੀ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਅਤੇ ਕਰਫਿਉ ਦਾ ਪਾਲਣ ਕਰਨ। ਉਨਾਂ ਨੇ ਤਾੜਨਾ ਕੀਤੀ ਕਿ ਜੋ ਕੋਈ ਵੀ ਕਰਫਿਊ ਦੌਰਾਨ ਬਿਨਾਂ ਪਾਸ ਤੋਂ ਬਾਹਰ ਨਿਕਲੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜਿਸ ਤਰਾਂ ਅੱਜ ਬਠਿੰਡਾ ਸ਼ਹਿਰ ਵਿਚ ਵੇਰਕਾ ਵੱਲੋਂ ਘਰਾਂ ਤੱਕ ਦੁੱਧ ਦੀ ਸਪਲਾਈ ਕੀਤੀ ਗਈ ਹੈ ਉਸੇ ਤਰਜ ਤੇ 25 ਮਾਰਚ ਤੋਂ ਸਬਜੀਆਂ ਦੀ ਸਪਲਾਈ ਵੀ ਘਰਾਂ ਤੱਕ ਦਿੱਤੀ ਜਾਵੇਗੀ। ਉਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਨਾਂ ਦੀ ਗਲੀ ਵਿਚ ਜਦ ਵੀ ਵੇਰਕਾ ਦਾ ਵਾਹਨ ਦੁੱਧ ਦੇਣ ਜਾਂ ਸਬਜੀ ਵਾਲੀ ਰੇਹੜੀ ਆਵੇ ਤਾਂ ਉੱਥੇ ਇੱਕਠ ਨਹੀਂ ਕਰਨਾ ਅਤੇ ਆਪਣੇ ਘਰ ਦੇ ਮੁਹਰੇ ਹੀ ਖਰੀਦਦਾਰੀ ਕਰਨੀ। ਉਨਾਂ ਨੇ ਕਿਹਾ ਕਿ ਇਸ ਬਿਮਾਰੀ ਦਾ ਖਤਰਾ ਬਹੁਤ ਜਿਆਦਾ ਹੈ ਅਤੇ ਲੋਕ ਆਪਣੇ ਆਂਢ ਗੁਆਂਢ ਸਮੇਤ ਕਿਸੇ ਨਾਲ ਵੀ ਸੰਪਰਕ ਨਾ ਰੱਖਣ ਅਤੇ ਦੂਰੀ ਬਣਾ ਕੇ ਰੱਖਣ।