ਰੰਗਲਾ ਪੰਜਾਬ ਕਰਾਫ਼ਟ ਮੇਲਾ-2023
25 ਫਰਵਰੀ ਤੋਂ ਸ਼ੀਸ਼ ਮਹਿਲ ਵਿਖੇ ਲੱਗੇਗਾ ਰੰਗਲਾ ਪੰਜਾਬ ਕਰਾਫ਼ਟ ਮੇਲਾ – ਸਾਕਸ਼ੀ ਸਾਹਨੀ
ਪਟਿਆਲਾ, 18 ਫਰਵਰੀ(ਵਿਸ਼ਵ ਵਾਰਤਾ)- ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਦੇ ਵਿਹੜੇ ‘ਚ 25 ਫਰਵਰੀ ਤੋਂ 5 ਮਾਰਚ ਤੱਕ ਲੱਗਣ ਜਾ ਰਹੇ ਰੰਗਲਾ ਪੰਜਾਬ ਕਰਾਫ਼ਟ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸ਼ੀਸ਼ ਮਹਿਲ ਵਿਖੇ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਤੇ ਹੋਰ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਰੰਗਲਾ ਪੰਜਾਬ ਸੰਕਲਪ ਤਹਿਤ ਕਰਾਫ਼ਟ ਮੇਲਾ ਪਹਿਲੀ ਵਾਰ ਰੰਗਲਾ ਪੰਜਾਬ ਦੇ ਨਾਮ ਹੇਠ ਕਰਵਾਇਆ ਜਾ ਰਿਹਾ ਹੈ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਰੰਗਲਾ ਪੰਜਾਬ ਕਰਾਫ਼ਟ ਮੇਲੇ ਵਿੱਚ ਦਰਸ਼ਕਾਂ ਲਈ ਮਸ਼ਹੂਰ ਗਾਇਕਾਂ ਅੰਮ੍ਰਿਤ ਮਾਨ ਅਤੇ ਮਾਸਟਰ ਸਲੀਮ ਵਲੋਂ ਆਪਣੇ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।ਜਦਕਿ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵਲੋਂ ਦਰਜਨ ਤੋਂ ਵੱਧ ਰਾਜਾਂ ਦੇ ਲੋਕ ਨਾਚਾਂ ਅਤੇ ਲੋਕ ਕਲਾਵਾਂ ਦੇ 125 ਦੇ ਕਰੀਬ ਕਲਾਕਾਰ ਆਪਣੀਆਂ ਵੰਨਗੀਆਂ ਪੇਸ਼ ਕਰਨਗੇ। ਇਸ ਤੋਂ ਬਿਨ੍ਹਾਂ ਦੇਸ਼ ਭਰ ਤੋਂ ਪੁੱਜਣ ਵਾਲੇ 110 ਤੋਂ ਵੱਧ ਸ਼ਿਲਪਕਾਰਾਂ ਦੀਆਂ ਦਸਤਕਾਰੀ ਵਸਤਾਂ ਦਰਸ਼ਕਾਂ ਦੇ ਖਰੀਦਣ ਲਈ ਲਗਭਗ 110 ਸਟਾਲਾਂ ‘ਤੇ ਸਜਾਈਆਂ ਜਾਣਗੀਆਂ।
ਇਸ ਮੌਕੇ ਏ.ਡੀ.ਸੀ. ਈਸ਼ਾ ਸਿੰਘਲ ਨੇ ਦੱਸਿਆ ਕਿ ਰੰਗਲਾ ਪੰਜਾਬ ਕਰਾਫਟ ਮੇਲੇ ਦੌਰਾਨ ਧਾਤਾਂ ‘ਤੇ ਹੋਇਆ ਦਸਤਕਾਰੀ ਦਾ ਕੰਮ, ਚਿੱਤਰਕਾਰੀ, ਪੱਥਰ ਤੇ ਮੀਨਾਕਾਰੀ ਨਾਲ ਲਬਰੇਜ਼ ਪੁਰਾਤਨ ਗਹਿਣੇ, ਕੱਪੜਿਆਂ ‘ਚ ਚਿਕਨਕਾਰੀ, ਗੁਜਰਾਤੀ ਕਢਾਈ, ਸ਼ੀਸ਼ੇ ਦਾ ਕੰਮ, ਬਲਾਕ ਪ੍ਰਿੰਟਿੰਗ, ਕਲਾਕਾਰੀ, ਜ਼ਰੀ, ਸੋਜਨੀ ਅਨੇਕਾ ਕਿਸਮਾਂ ਦੇ ਹੋਰ ਸ਼ਾਨਦਾਰ ਕੱਪੜੇ ਵਿਕਣ ਲਈ ਸਜਾਏ ਜਾਣਗੇ।
ਇਸ ਤੋਂ ਬਿਨ੍ਹਾਂ ਮਿੱਟੀ ਦੇ ਬਰਤਨਾਂ ਵਿਚ ਜੈਪੁਰ ਪੋਟਰੀ, ਟੈਰਾਕੋਟਾ, ਸੈਰਾਮਿਕ, ਬਲੈਕ ਪੋਟਰੀ, ਪੇਟਿੰਗ ਨਾਲ ਸਜੇ ਭਾਂਡੇ, ਪਟਚਿੱਤਰ, ਬਸੋਲੀ ਅਤੇ ਹੋਰ ਅਣਗਿਣਤ ਕਿਸਮਾਂ ਵੀ ਉਪਲਬੱਧ ਹੋਣਗੀਆਂ। ਏ.ਡੀ.ਸੀ. ਨੇ ਦੱਸਿਆ ਕਿ ਉੱਤਰ ਖੇਤਰੀ ਸਭਿਆਚਾਰਕ ਵੱਲੋਂ ਪੰਜਾਬ ਦੇ ਬਾਜੀਗਰ ਤੇ ਨਚਾਰ, ਹਰਿਆਣਾ ਦੇ ਬੀਨ ਜ਼ੋਗੀ, ਰਾਜਸਥਾਨ ਦੀ ਕੱਚੀ ਘੋੜੀ, ਬਹਿਰੂਪੀਏ ਸਮੇਤ ਹੋਰ ਵੰਨਗੀਆਂ ਦੀਆਂ ਪੇਸ਼ਕਾਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਈਸ਼ਾ ਸਿੰਘਲ ਨੇ ਅੱਗੇ ਦੱਸਿਆ ਕਿ ਦਰਸ਼ਕਾਂ ਦੇ ਖਾਣ ਪੀਣ ਲਈ ਲਜੀਜ਼ ਪਕਵਾਨਾਂ ਦੀਆਂ 20 ਸਟਾਲਾਂ ਅਤੇ ਬੱਚਿਆਂ ਦੇ ਮਨੋਰੰਜਨ ਲਈ ਝੂਲਿਆਂ ਤੇ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਕਰਾਫਟ ਮੇਲੇ ਦੌਰਾਨ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਮੇਲੇ ਨੂੰ ਕਰਵਾਉਣ ਲਈ ਗਠਿਤ ਕਮੇਟੀਆਂ ਦੇ ਮੈਂਬਰ ਅਧਿਕਾਰੀਆਂ ਨੂੰ ਸੌਂਪੀਆਂ ਜਿੰਮੇਵਾਰੀਆਂ ਦਾ ਜਾਇਜਾ ਲਿਆ ਤੇ ਹਦਾਇਤ ਕੀਤੀ ਕਿ ਤਿਆਰੀਆਂ ‘ਚ ਕਿਸੇ ਕਿਸਮ ਦੀ ਕੋਈ ਢਿੱਲ-ਮੱਠ ਨਾ ਵਰਤੀ ਜਾਵੇ ਅਤੇ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਜਾਣ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਰੰਗਲਾ ਪੰਜਾਬ ਕਰਾਫ਼ਟ ਮੇਲਾ ਦਰਸ਼ਕਾਂ ਦੀ ਖਿੱਚ ਦਾ ਵੱਡਾ ਕੇਂਦਰ ਬਣੇਗਾ ਤੇ ਇੱਥੇ ਪਟਿਆਲਾ ਦੇ ਨਾਲ ਲੱਗਦੇ ਜ਼ਿਲ੍ਹਿਆਂ ਤੇ ਬਾਹਰੋਂ ਵੀ ਦਰਸ਼ਕ ਪੁੱਜਣਗੇ।
ਇਸ ਮੌਕੇ ਐਸ.ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ, ਏ.ਸੀ. ਯੂ.ਟੀ. ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਤੇ ਡਾ. ਸੰਜੀਵ ਕੁਮਾਰ, ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ, ਸੰਯੁਕਤ ਕਮਿਸ਼ਨਰ ਨਗਰ ਨਿਗਮ ਜੀਵਨ ਜੋਤ ਕੌਰ ਸਮੇਤ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਸਨ।