20 ਤੋਂ ਘੱਟ ਵਿਦਿਆਰਥੀਆਂ ਵਾਲੇ ਸਰਕਾਰੀ ਸਕੂਲਾਂ ਨੂੰ ਨੇੜਲੇ ਸਕੂਲਾਂ ਵਿੱਚ ਕੀਤਾ ਜਾਵੇਗਾ ਮਰਜ਼ 

197
Advertisement


ਚੰਡੀਗੜ, 21 ਅਕਤੂਬਰ (ਵਿਸ਼ਵ ਵਾਰਤਾ)-ਸਰਕਾਰੀ ਸਕੂਲਾਂ ਅੰਦਰ ਬਿਹਤਰ ਵਿਦਿਅਕ ਮਾਹੌਲ ਸਿਰਜਣ ਅਤੇ ਮੌਜੂਦਾ ਸਟਾਫ਼ ਦੀਆਂ ਸੇਵਾਵਾਂ ਸੁਚੱਜੇ ਅਤੇ ਲੋੜਵੰਦ ਥਾਂ ਉਤੇ ਲੈਣ ਦੇ ਮਕਸਦ ਲਈ ਸਿੱਖਿਆ ਵਿਭਾਗ ਵੱਲੋਂ 20 ਤੋਂ ਘੱਟ ਵਿਦਿਆਰਥੀਆਂ ਵਾਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਨੇੜਲੇ ਇਕ ਕਿੱਲੋਮੀਟਰ ਘੇਰੇ ਅੰਦਰ ਵਾਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਰਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਖੁਲਾਸਾ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ। ਵਿਭਾਗ ਦੇ ਇਸ ਫ਼ੈਸਲੇ ਨਾਲ ਮਰਜ਼ ਕੀਤੇ ਜਾਣ ਵਾਲੇ ਇਹਨਾਂ ਸਕੂਲਾਂ ਦੇ ਅਧਿਆਪਕਾਂ ਦੀਆਂ ਸੇਵਾਵਾਂ ਲੋੜਵੰਦ ਥਾਂਵਾਂ ਉਤੇ ਤਾਇਨਾਤ ਕੀਤਾ ਜਾ ਸਕੇਗਾ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਤੇ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸਕੂਲਾਂ ਦਾ ਪੱਧਰ ਹੋਰ ਉੱਚਾ ਚੁੱਕਣ ਅਤੇ ਪ੍ਰਾਇਮਰੀ ਸਿੱਖਿਆ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਪਹਿਲਾਂ ਹੀ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਮਜਬੂਤ ਕਰਨ ਲਈ ਵਿਸ਼ੇਸ਼ ਬਜਟ ਰੱਖਿਆ ਜਾ ਰਿਹਾ ਹੈ ਅਤੇ 400 ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਆਪਸ਼ਨਲ ਅੰਗਰੇਜ਼ੀ ਮਾਧਿਅਮ ਵਿੱਚ ਪੜਾਈ ਸ਼ੁਰੂ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਿੱਖਿਆ ਸੁਧਾਰਾਂ ਦੀ ਇਸੇ ਲੜੀ ਤਹਿਤ ਹੁਣ ਸਿਰਫ ਅਜਿਹੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਰਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਹਨਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 20 ਤੋਂ ਘੱਟ ਹੈ। ਉਹਨਾਂ ਸਪੱਸ਼ਟ ਕੀਤਾ ਕਿ ਸਿਰਫ ਉਸੇ ਸਕੂਲ ਨੂੰ ਨੇੜਲੇ ਸਕੂਲ ਵਿੱਚ ਮਰਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਹੜਾ ਸਕੂਲ ਦੂਜੇ ਸਕੂਲ ਦੇ ਇਕ ਕਿੱਲੋਮੀਟਰ ਦੇ ਘੇਰੇ ਅੰਦਰ ਹੁੰਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਜਿਸ ਸਕੂਲ ਤੋਂ ਦੂਜਾ ਸਕੂਲ ਇਕ ਕਿੱਲੋਮੀਟਰ ਤੋਂ ਵੱਧ ਦੂਰੀ ਉਤੇ ਹੈ, ਉਸ ਨੂੰ ਮਰਜ਼ ਨਹੀਂ ਕੀਤਾ ਜਾਵੇਗਾ, ਚਾਹੇ ਵਿਦਿਆਰਥੀਆਂ ਦੀ ਗਿਣਤੀ 20 ਤੋਂ ਘੱਟ ਹੋਵੇ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਇਹ ਵੀ ਦੱਸਿਆ ਕਿ ਬੱਚਿਆਂ ਦੇ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਦਾ ਪੂਰੀ ਤਰਾ ਪਾਲਣਾ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਵਿਦਿਆਰਥੀ ਨੂੰ ਆਪਣੀ ਰਿਹਾਇਸ਼ ਤੋਂ ਇਕ ਕਿੱਲੋਮੀਟਰ ਤੋਂ ਵੱਧ ਦੂਰੀ ਉਤੇ ਪੜਨ ਨਹੀਂ ਜਾਣਾ ਪੈਣਾ। ਵਿਦਿਆਰਥੀਆਂ ਦੀ ਸੁਵਿਧਾ ਦਾ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਬੁਲਾਰੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਮਰਜ਼ ਕੀਤੇ ਜਾਣ ਵਾਲੇ ਕਈ ਸਕੂਲ ਤਾਂ ਦੂਜੇ ਸਕੂਲ ਦੇ ਨਾਲ ਹੀ ਪੈਂਦੇ ਹਨ ਅਤੇ ਕਈ ਥਾਂ ਤਾਂ ਦੋਵੇਂ ਸਕੂਲਾਂ ਦੀ ਦੀਵਾਰ ਵੀ ਸਾਂਝੀ ਹੈ।
ਸਰਕਾਰੀ ਬੁਲਾਰੇ ਨੇ ਅਗਾਂਹ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰਜ਼ ਕੀਤੇ ਜਾਣ ਵਾਲੇ 47 ਸਕੂਲ ਅਜਿਹੇ ਹਨ ਜਿਹਨਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਸਿਰਫ 5 ਜਾਂ ਇਸ ਤੋਂ ਘੱਟ ਹੈ ਅਤੇ ਇਹਨਾਂ ਵਿੱਚੋਂ 15 ਸਕੂਲਾਂ ਵਿੱਚ ਤਾਂ ਵਿਦਿਆਰਥੀਆਂ ਦੀ ਗਿਣਤੀ 3 ਤੋਂ ਵੀ ਘੱਟ ਹੈ। ਉਹਨਾਂ ਕਿਹਾ ਕਿ ਮਰਜ਼ ਕਰਨ ਦਾ ਫੈਸਲਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹਿੱਤ ਵਿੱਚ ਹੈ ਅਤੇ ਇਸ ਨਾਲ ਸਕੂਲਾਂ ਵਿੱਚ ਬਿਹਤਰ ਵਿੱਦਿਅਕ ਮਾਹੌਲ ਸਿਰਜਿਆ ਜਾਵੇਗਾ। ਬੁਲਾਰੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਮਰਜ਼ ਕੀਤੇ ਜਾਣ ਵਾਲੇ ਸਕੂਲਾਂ ਦੇ ਅਿਧਆਪਕਾਂ ਨੂੰ ਨਿਰਪੱਖਤਾ ਅਤੇ ਸੀਨੀਅਰਤਾ ਅਨੁਸਾਰ ਉਸੇ ਸਬੰਧਤ ਜਿਲੇ ਦੇ ਅੰਦਰ ਲੋੜਵੰਦ ਖਾਲ਼ੀ ਥਾਂ ਵਾਲੇ ਸਕੂਲ ਵਿੱਚ ਹੀ ਤਾਇਨਾਤ ਕੀਤਾ ਜਾਵੇਗਾ।

Advertisement

LEAVE A REPLY

Please enter your comment!
Please enter your name here