ਚੰਡੀਗੜ੍ਹ/ਨਵੀਂ ਦਿੱਲੀ, 28 ਸਤੰਬਰ : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਅੱਜ ਉਨ੍ਹਾਂ ਦੇ 110ਵੇਂ ਜਨਮ ਦਿਹਾੜੇ ‘ਤੇ ਦੇਸ਼ ਭਰ ਵਿਚ ਯਾਦ ਕੀਤਾ ਜਾ ਰਿਹਾ ਹੈ| ਇਸ ਮੌਕੇ ਦੇਸ਼ ਭਰ ਵਿਚ ਕਈ ਸਮਾਗਮਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ| ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਇਲਾਵਾ ਵੱਖ-ਵੱਖ ਸਿਆਸੀ ਆਗੂਆਂ ਨੇ ਵੀ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ|
ਭਗਤ ਸਿੰਘ ਦਾ ਜਨਮ 27 ਸਤੰਬਰ, 1907 ਨੂੰ ਲਾਇਲਪੁਰ ਜਿਲ੍ਹੇ ਦੇ ਪਿੰਡ ਬੰਗਾ (ਪੰਜਾਬ, ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿੱਚ ਹੋਇਆ ਸੀ । ਹਾਲਾਂਕਿ ਉਨ੍ਹਾਂ ਦਾ ਜੱਦੀ ਨਿਵਾਸ ਅੱਜ ਵੀ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜਿਲ੍ਹੇ ਦੇ ਖਟਕਡ਼ ਕਲਾਂ ਪਿੰਡ ਵਿੱਚ ਸਥਿਤ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਮ ਵਿਦਿਆਵਤੀ ਸੀ। ਇਹ ਇੱਕ ਸਿੱਖ ਪਰਵਾਰ ਸੀ ਜਿਸਨੇ ਆਰੀਆ ਸਮਾਜ ਦੇ ਵਿਚਾਰਾਂ ਨੂੰ ਅਪਣਾ ਲਿਆ ਸੀ। ਅੰਮ੍ਰਿਤਸਰ ਵਿੱਚ 13 ਅਪ੍ਰੈਲ 1919 ਨੂੰ ਹੋਏ ਜਲਿਆਂ ਵਾਲਾ ਬਾਗ ਹੱਤਿਆਕਾਂਡ ਨੇ ਭਗਤ ਸਿੰਘ ਦੀ ਸੋਚ ਤੇ ਡੂੰਘਾ ਅਸਰ ਪਾਇਆ ਸੀ।