ਚੰਡੀਗੜ੍ਹ 17 ਅਗਸਤ (ਅੰਕੁਰ) : 10 ਸਾਲ ਦੀ ਮਾਸੂਮ ਗਰਭਵਤੀ ਬੱਚੀ ਨੇ ਅੱਜ ਜੀਐਮਸੀਐਚ 32 ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ |ਜਿਕਰਯੋਗ ਹੈ ਇਹ ਬੱਚੀ ਮਾਮਾ ਦੀ ਹਵਸ ਦੀ ਸ਼ਿਕਾਰ ਹੋਈ ਸੀ ਇਸ ਬੱਚੀ ਦੀ ਡਿਲੀਵਰੀ ਲਈ ਪਹਿਲਾਂ ਤੋਂ ਜੀਐਮਸੀਐਚ 32 ਅਤੇ ਪੀਜੀਆਈ ਦੇ ਡਾਕਟਰਾਂ ਨੇ ਪੂਰੀ ਤਿਆਰੀ ਕਰ ਲਈ ਸੀ | ਪਿਛਲੇ ਕਈ ਦਿਨਾਂ ਤੋਂ ਮਾਸੂਮ ਹਸਪਤਾਲ ਵਿੱਚ ਭਰਤੀ ਸੀ | ਜਿਸ ਨੂੰ ਡਾਕਟਰਾਂ ਦੀ ਦੇਖਭਾਲ ਵਿੱਚ ਰੱਖਿਆ ਗਿਆ ਸੀ |
ਜਾਣਕਾਰੀ ਮੁਤਾਬਿਕ 10 ਸਾਲਾ ਮਾਸੂਮ ਗਰਭਵਤੀ ਨੇ ਸੈਕਟਰ-32 ਦੇ ਸਰਕਾਰੀ ਹਸਪਤਾਲ ‘ਚ ਵੀਰਵਾਰ ਸਵੇਰੇ ਕਰੀਬ 10.30 ਵਜੇ ਇਕ ਬੱਚੀ ਨੂੰ ਜਨਮ ਦਿੱਤਾ। ਡਾਕਟਰਾਂ ਮੁਤਾਬਕ ਸਵੇਰੇ 9 ਵਜੇ ਮਾਸੂਮ ਬੱਚੀ ਦੀ ਡਲਿਵਰੀ ਕਰਾਉਣ ਲਈ ਸੀਜੇਰੀਅਨ ਸ਼ੁਰੂ ਕੀਤਾ ਗਿਆ, ਜਿਸ ਤੋਂ ਬਾਅਦ 10.30 ਵਜੇ ਦੇ ਕਰੀਬੇ ਉਸ ਨੇ ਇਕ ਨੰਨ੍ਹੀ ਬੱਚੀ ਨੂੰ ਜਨਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਮਾਂ ਅਤੇ ਬੱਚੀ ਦੋਵੇਂ ਹੀ ਸਿਹਤਮੰਦ ਨਹੀਂ ਹਨ ਪਰ ਜਲਦ ਹੀ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਜਾਵੇਗਾ। ਨਵਜੰਮੀ ਬੱਚੀ ਨੂੰ ਆਈ. ਸੀ. ਯੂ. ‘ਚ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਨਵਜੰਮੀ ਬੱਚੀ ਦੇ ਜਨਮ ਲੈਣ ਤੋਂ ਪਹਿਲਾਂ ਹੀ ਪੀੜਤਾ ਦੇ ਪਿਤਾ ਨੇ ਇਹ ਫੈਸਲਾ ਕਰ ਲਿਆ ਸੀ ਕਿ ਬੱਚੇ ਦਾ ਜਨਮ ਹੋਣ ਤੋਂ ਬਾਅਦ ਉਹ ਉਸ ਨੂੰ ਆਪਣੇ ਕੋਲ ਨਹੀਂ ਰੱਖਣਗੇ, ਸਗੋਂ ਗੋਦ ਦੇ ਦੇਣਗੇ। ਇਸ ਦੇ ਲਈ ਉਨ੍ਹਾਂ ਨੇ ਮੈਡੀਕਲ ਕਾਲਜ ਨੂੰ ਇਕ ਚਿੱਠੀ ਲਿਖ ਕੇ ਬੱਚੇ ਨੂੰ ਗੋਦ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਚਿੱਠੀ ‘ਚ ਇਹ ਵੀ ਲਿਖਿਆ ਗਿਆ ਹੈ ਕਿ ਉਹ ਬੱਚੇ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਬੇਟੀ ਦੇ ਭਵਿੱਖ ਦੀ ਚਿੰਤਾ ਹੈ।