ਚੰਡੀਗੜ੍ਹ ਅਦਾਲਤ ਵੱਲੋਂ ਗੈਂਗਸਟਰ ਗੋਲਡੀ ਬਰਾੜ ਭਗੌੜਾ ਕਰਾਰ
ਪੜ੍ਹੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ 23 ਨਵੰਬਰ(ਵਿਸ਼ਵ ਵਾਰਤਾ)– ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਿਸ਼ ਘੜਨ ਵਾਲੇ ਕੈਨੇਡਾ ‘ਚ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਨੂੰ ਚੰਡੀਗੜ੍ਹ ਜ਼ਿਲਾ ਅਦਾਲਤ ਨੇ 1 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ‘ਚ ਭਗੌੜਾ ਕਰਾਰ ਦਿੱਤਾ ਹੈ। ਚੰਡੀਗੜ੍ਹ ਦੇ ਇਕ ਵਪਾਰੀ ਦੀ ਸ਼ਿਕਾਇਤ ‘ਤੇ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਅਦਾਲਤ ਨੇ ਇਸ ਮਾਮਲੇ ‘ਚ ਚੰਡੀਗੜ੍ਹ ਦੇ ਪਿੰਡ ਕਿਸ਼ਨਗੜ੍ਹ ਦੇ ਰਹਿਣ ਵਾਲੇ ਮਨਜੀਤ ਸਿੰਘ ‘ਤੇ ਵੀ ਦੋਸ਼ ਆਇਦ ਕੀਤੇ ਹਨ। ਹੁਣ ਮਾਮਲੇ ਦੀ ਸੁਣਵਾਈ ਸ਼ੁਰੂ ਹੋਵੇਗੀ। ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 387, 120ਬੀ ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਸੁਣਵਾਈ 29 ਨਵੰਬਰ ਨੂੰ ਹੋਵੇਗੀ। ਮਾਮਲੇ ਮੁਤਾਬਕ ਸ਼ਹਿਰ ਦੇ ਵਪਾਰੀ ਨੂੰ ਇਸ ਸਾਲ 25 ਜਨਵਰੀ ਨੂੰ ਇੱਕ ਵਟਸਐਪ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਗੋਲਡੀ ਬਰਾੜ ਵਜੋਂ ਦੱਸੀ ਅਤੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ। ਹਾਲਾਂਕਿ ਕਾਰੋਬਾਰੀ ਨੇ ਇੰਨੀ ਵੱਡੀ ਰਕਮ ਦੇਣ ਤੋਂ ਅਸਮਰੱਥਾ ਜ਼ਾਹਰ ਕੀਤੀ ਪਰ ਗੋਲਡੀ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਦੁਬਾਰਾ ਫੋਨ ਕਰੇਗਾ।
ਸ਼ਿਕਾਇਤਕਰਤਾ ਨੂੰ 27 ਜਨਵਰੀ ਨੂੰ ਦੁਬਾਰਾ ਫ਼ੋਨ ਆਇਆ। ਫੋਨ ਕਰਨ ਵਾਲੇ ਨੇ ਕਿਹਾ ਕਿ ਜੇਕਰ ਫਿਰੌਤੀ ਦੀ ਰਕਮ ਅਦਾ ਨਾ ਕੀਤੀ ਗਈ ਤਾਂ ਉਸਦੇ ਬੱਚਿਆਂ ਨੂੰ ਅਗਵਾ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਦੱਸ ਦਈਏ ਕਿ ਸਿੱਧੂ ਦੇ ਕਤਲ ਤੋਂ ਇਲਾਵਾ ਪਿਛਲੇ ਦਿਨੀਂ ਹੋਏ ਡੇਰਾ ਪ੍ਰੇਮੀ ਦੇ ਕਤਲ ਦੀ ਜਿੰਮੇਵਾਰੀ ਵੀ ਗੋਲਡੀ ਬਰਾੜ ਨੇ ਲਈ ਸੀ।