ਹਰਿਮੰਦਰ ਸਾਹਿਬ ਨੇੜੇ ਸੁਣਾਈ ਦਿੱਤੀ ਜ਼ੋਰਦਾਰ ਆਵਾਜ਼
ਧਮਾਕੇ ਦਾ ਖਦਸ਼ਾ- 6 ਅਤੇ 8 ਮਈ ਨੂੰ ਹੋਏ ਸਨ ਧਮਾਕੇ
ਚੰਡੀਗੜ੍ਹ,11ਮਈ(ਵਿਸ਼ਵ ਵਾਰਤਾ) ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਦੇ ਨੇੜੇ ਬੁੱਧਵਾਰ ਦੇਰ ਰਾਤ 12.15 ਤੋਂ 12.30 ਵਜੇ ਦੇ ਵਿਚਕਾਰ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ ਹੈ। ਜਿਸ ਤੋਂ ਬਾਅਦ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਕਿਹਾ ਕਿ ਇਹ ਕਿਸੇ ਧਮਾਕੇ ਦੀ ਆਵਾਜ਼ ਹੋ ਸਕਦੀ ਹੈ। ਇਸ ਦੀ ਪੁਸ਼ਟੀ ਲਈ ਜਾਂਚ ਜਾਰੀ ਹੈ। ਪੁਲਿਸ ਨੇ ਸ਼ੱਕੀਆਂ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਨਿਵਾਸ ਭਵਨ ਦੇ ਬਾਹਰ ਵੀ ਰੋਕਿਆ।
ਗੌਰਤਲਬ ਹੈ ਕਿ 6 ਅਤੇ 8 ਮਈ ਨੂੰ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ‘ਚ ਧਮਾਕਾ ਹੋਇਆ ਸੀ। ਇਹ ਦੋਵੇਂ ਘੱਟ ਘਣਤਾ ਵਾਲੇ ਕਰੂਡ ਬੰਬ ਸਨ। ਪਹਿਲਾ ਧਮਾਕਾ 6 ਮਈ ਦੀ ਅੱਧੀ ਰਾਤ ਕਰੀਬ 12 ਵਜੇ ਹੈਰੀਟੇਜ ਸਟਰੀਟ ‘ਚ ਹੋਇਆ। ਇਸ ਕਾਰਨ ਸਾਰਾਗੜ੍ਹੀ ਪਾਰਕਿੰਗ ਵਿੱਚ ਖਿੜਕੀਆਂ ’ਤੇ ਲੱਗੇ ਸ਼ੀਸ਼ੇ ਚਾਰੇ ਪਾਸੇ ਫੈਲ ਗਏ ਸਨ। 5 ਤੋਂ 6 ਸ਼ਰਧਾਲੂ ਜ਼ਖਮੀ ਹੋ ਗਏ ਸਨ। ਦੂਜਾ ਧਮਾਕਾ 8 ਮਈ ਨੂੰ ਸਵੇਰੇ 6.30 ਵਜੇ ਹੈਰੀਟੇਜ ਸਟਰੀਟ ‘ਚ ਹੋਇਆ। ਪੁਲਿਸ ਨੇ ਦੱਸਿਆ ਸੀ ਕਿ ਬੰਬ ਨੂੰ ਕੋਲਡ ਡਰਿੰਕ ਦੇ ਟੀਨ ਵਿੱਚ ਪਾ ਕੇ ਲਟਕਾਇਆ ਗਿਆ ਸੀ। ਇਸ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ।