ਜਲੰਧਰ, 27 ਅਕਤੂਬਰ (ਵਿਸ਼ਵ ਵਾਰਤਾ)-ਪੰਜਾਬ ਇਲੈਵਨ ਨੇ ਯੂਕੋ ਬੈਂਕ ਨੂੰ 3-0 ਨਾਲ ਹਰਾ ਕੇ 34ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਮਹਿਲਾਵਾਂ ਦੇ ਵਰਗ ਦੇ ਵਰਗ ਦੇ ਪੂਲ ਏ ਵਿੱਚ ਲਗਾਤਾਰ ਦੂਜੀ ਜਿੱਤ ਹਾਸਲ ਕਰਦੇ ਹੋਏ 6 ਅੰਕ ਹਾਸਲ ਕਰ ਲਏ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚਲ ਰਹੇ ਉਕਤ ਟੂਰਨਾਮੈਂਟ ਦੇ ਪੰਜਵੇਂ ਦਿਨ ਮਹਿਲਾਵਾਂ ਦੇ ਵਰਗ ਦਾ ਇਕ ਅਤੇ ਮਰਦਾਂ ਦੇ ਵਰਗ ਦੇ ਦੋ ਮੈਚ ਖੇਡੇ ਗਏ।
ਮਰਦਾਂ ਦੇ ਵਰਗ ਵਿੱਚ ਏਅਰ ਇੰਡੀਆ ਮੁੰਬਈ ਅਤੇ ਸੀਏਜੀ ਦਿੱਲੀ ਦੀਆਂ ਟੀਮਾਂ ਬਿਨ੍ਹਾਂ ਕਿਸੇ ਗੋਲ ਦੇ ਬਰਾਬਰੀ ਤੇ ਰਹੀਆਂ। ਦੋਵਾਂ ਟੀਮਾਂ ਨੂੰ ਇਕ ਇਕ ਅੰਕ ਹਾਸਲ ਹੋਇਆ।
ਮਹਿਲਾਵਾਂ ਦੇ ਵਰਗ ਵਿੱਚ ਪੂਲ ਏ ਵਿੱਚ ਪੰਜਾਬ ਇਲੈਵਨ ਨੇ ਯੂਕੋ ਬੈਂਕ ਨੂੰ 3-0 ਨਾਲ ਹਰਾ ਕੇ ਲੀਗ ਦੌਰ ਵਿੱਚ ਤਿੰਨ ਅੰਕ ਹਾਸਲ ਕਰ ਲਏ। ਪੰਜਾਬ ਇਲੈਵਨ ਵਲੋਂ ਖੇਡ ਦੇ 11ਵੇਂ ਮਿੰਟ ਵਿੱਚ ਰਾਜਵਿੰਦਰ ਕੌਰ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲਿਆ। ਖੇਡ ਦੇ 17ਵੇਂ ਮਿੰਟ ਵਿੱਚ ਪੰਜਾਬ ਇਲੈਵਨ ਦੀ ਰੀਨਾ ਨੇ ਪੂਜਾ ਦੇ ਪਾਸ ਤੇ ਗੋਲ ਕਰਕੇ ਸਕੋਰ 2-0 ਕੀਤਾ। ਅੱਧੇ ਸਮੇਂ ਤੱਕ ਪੰਜਾਬ ਟੀਮ 2-0 ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਬਾਅਦ ਖੇਡ ਦੇ 69ਵੇਂ ਮਿੰਟ ਵਿੱਚ ਪੰਜਾਬ ਦੀ ਜੋਤੀ ਨੇ ਮੈਦਾਨੀ ਗੋਲ ਕਰਕੇ ਸਕੋਰ 3-0 ਕੀਤਾ। ਇਸ ਜਿਤ ਤੋਂ ਬਾਅਦ ਪੂਲ ਏ ਵਿੱਚ ਪੱਛਮੀ ਰੇਲਵੇ ਅਤੇ ਪੰਜਾਬ ਇਲੈਵਨ ਦੇ ਖਾਤੇ ਵਿੱਚ 6-6 ਅੰਕ ਹਨ। 28 ਅਕਤੂਬਰ ਨੂੰ ਪੱਛਮੀ ਰੇਲਵੇ ਅਤੇ ਪੰਜਾਬ ਦਰਮਿਆਨ ਹੋਣ ਵਾਲਾ ਆਖਰੀ ਮੈਚ ਨਿਰਧਾਰਤ ਕਰੇਗਾ ਕਿ ਕਿਹੜੀ ਟੀਮ ਰੇਲ ਕੋਚ ਫੈਕਟਰੀ ਦੇ ਖਿਲਾਫ ਫਾਇਨਲ ਮੈਚ ਖੇਡੇਗੀ।
ਮਰਦਾਂ ਦੇ ਪੂਲ ਏ ਵਿੱਚ ਏਅਰ ਇੰਡੀਆ ਮੁੰਬਈ ਅਤੇ ਸੀਏਜੀ ਦਿੱਲੀ ਦਰਮਿਆਨ ਖੇਡੇ ਗਏ ਮੈਚ ਦਾ ਪਹਿਲਾ ਅੱਧ ਬਿਨ੍ਹਾਂ ਕਿਸੇ ਗੋਲ ਦੇ ਬਰਾਬਰੀ ਤੇ ਰਿਹਾ। ਅੱਧੇ ਸਮੇਂ ਤੋਂ ਬਾਅਦ ਦੋਵੇਂ ਟੀਮਾਂ ਨੇ ਗੋਲ ਕਰਨ ਦੇ ਕਈ ਸੁਨਹਿਰੀ ਮੌਕੇ ਗਵਾਏ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ ਬਿਨ੍ਹਾਂ ਕਿਸੇ ਗੋਲ ਦੇ ਬਰਾਬਰੀ ਤੇ ਰਹੀਆਂ, ਇਸ ਕਰਕੇ ਦੋਵੇਂ ਟੀਮਾਂ ਨੂੰ ਇਕ ਇਕ ਅੰਕ ਮਿਲਿਆ।
28 ਅਕਤੂਬਰ ਦੇ ਮੈਚ
ਮਹਿਲਾ ਵਰਗ –
ਪੰਜਾਬ ਇਲੈਵਨ ਬਨਾਮ ਪੱਛਮੀ ਰੇਲਵੇ ਮੁੰਬਈ — 2-30 ਵਜੇ
ਮਰਦ ਵਰਗ –
ਭਾਰਤੀ ਰੇਲਵੇ ਬਨਾਮ ਓਐਨਜੀਸੀ ਨਵੀਂ ਦਿੱਲੀ – 4-15 ਵਜੇ
ਇੰਡੀਅਨ ਆਇਲ ਮੁੰਬਈ ਬਨਾਮ ਆਰਮੀ ਇਲੈਵਨ – 6-00 ਵਜੇ