ਸੁਰਜੀਤ ਪਾਤਰ ਦੇ ਜਾਣ ਤੇ – ਗੁਰਭਜਨ ਗਿੱਲ
ਚੰਡੀਗੜ੍ਹ, 21ਜੂਨ(ਵਿਸ਼ਵ ਵਾਰਤਾ)-
ਚੜ੍ਹਦੇ ਸੂਰਜ ਦੇ ਵਿੱਚ ਲੁਕਿਆ, ਕਿੱਧਰ ਸ਼ਬਦ ਸਵਾਰ ਤੁਰ ਗਿਆ।
ਕਦੇ ਕੁਵੇਲਾ ਹੁਣ ਨਹੀਂ ਕਰਦਾ,ਕਰਕੇ ਕੌਲ ਕਰਾਰ ਤੁਰ ਗਿਆ।
ਏਸ ਤਰ੍ਹਾਂ ਤਾਂ ਹੌਕਾ ਵੀ ਨਾ ਹਿੱਕੜੀ ਵਿੱਚੋਂ ਰੁਖ਼ਸਤ ਹੁੰਦਾ,
ਕੋਲ ਪਿਆਂ ਨੂੰ ਮਾਰ ਝਕਾਨੀ,ਚੁੱਪ ਦੀ ਬੁੱਕਲ ਮਾਰ ਤੁਰ ਗਿਆ।
ਅਚਨਚੇਤ ਕਿਸ ਮਾਰਗ ਤੁਰਿਆ,ਪਿੱਛੇ ਛੱਡ ਕੇ ਗੰਧ ਕਸਤੂਰੀ,
ਲੱਭਦੇ ਫਿਰੀਏ ਪੌਣਾਂ ਵਿੱਚੋਂ, ਸਭ ਨੂੰ ਜਿਉਦੇ ਮਾਰ ਤੁਰ ਗਿਆ।
ਅਜੇ ਤਾਂ ਉਸਨੇ ਦੱਸਣਾ ਸੀ ਕਿ ,ਸਾਥੋਂ ਧਰਤੀ ਕੀ ਚਾਹੁੰਦੀ ਹੈ,
ਸੁਰ ਸ਼ਬਦਾਂ ਦਾ ਵਹਿੰਦਾ ਚਸ਼ਮਾ ਸਰਦ ਖ਼ਾਮੋਸ਼ੀ ਧਾਰ ਤੁਰ ਗਿਆ।
ਲਿਖਤੁਮ ਪਾਤਰ, ਪੜ੍ਹਤੁਮ ਦੁਨੀਆਂ,ਸਗਲ ਸ੍ਰਿਸ਼ਟੀ ਮਾਰ ਕਲਾਵੇ,
ਕਣ ਕਣ ਵਿੱਚੋਂ ਲੱਭਦੇ ਫਿਰੀਏ,ਕਿੱਧਰ ਪੌਣ ਸਵਾਰ ਤੁਰ ਗਿਆ।
ਬੰਸਰੀਆਂ ਦੇ ਛੇਕਾਂ ਅੰਦਰੋਂ, ਹੂਕ ਕਿਸੇ ਦਰਦੀਲੀ ਪੁੱਛਿਆ,
ਹੋਠ ਛੁਹਾਇਆਂ ਤੋਂ ਬਿਨ ਸਾਡਾ, ਕਿੱਧਰ ਕ੍ਰਿਸ਼ਨ ਮੁਰਾਰ ਤੁਰ ਗਿਆ।
ਕੋਰੇ ਵਰਕ ਉਡੀਕ ਰਹੇ ਨੇ, ਰੰਗਲੀ ਡਾਇਰੀ ਅੱਥਰੂ ਅੱਥਰੂ,
ਕਲਮ ,ਦਵਾਤ ਸਮੇਟ ਪਿਆਰਾ, ਕਿੱਧਰ ਸਿਰਜਣਹਾਰ ਤੁਰ ਗਿਆ।