ਸ਼ੀਸ਼ਾ ਸਵਾਲ ਕਰਦਾ ਹੈ – ਗੁਰਭਜਨ ਗਿੱਲ
ਚੰਡੀਗੜ੍ਹ,9ਜੂਨ(ਵਿਸ਼ਵ ਵਾਰਤਾ)
ਲਾਹੌਰ ਸ਼ਹਿਰ ’ਚ,
ਸ਼ਾਹੀ ਕਿਲ੍ਹੇ ਸਾਹਮਣੇ,
ਗੁਰੂਦੁਆਰਾ ਡੇਰਾ ਸਾਹਿਬ ਵਿੱਚ,
ਵੱਡਾ ਸਾਰਾ ਅੰਬਰ ਜੇਡਾ
ਸ਼ੀਸ਼ਾ ਲੱਗਾ ਹੈ ।
ਜਿਸ ’ਚ ਜਹਾਂਗੀਰ ਹਰ ਰੋਜ਼,
ਆਪਣਾ ਚਿਹਰਾ ਨਿਹਾਰਦਾ ।
ਖ਼ੁਦ ਨੂੰ ਫਿਟਕਾਰਦਾ,
ਕੁਝ ਏਦਾਂ ਮੂੰਹੋਂ ਉਚਾਰਦਾ ਹੈ ।
ਜਿਸ ਸ਼ਬਦ ਨੂੰ,
ਮੈਂ ਤੱਤੀ ਤਵੀ ਤੇ ਬਿਠਾਇਆ ।
ਹਰ ਜ਼ੁਲਮ ਕਮਾਇਆ ।
ਉਹ ਅੱਜ ਵੀ
ਸਹਿਜਮਤੇ ਠੰਢ ਵਰਤਾਵੇ ।
ਦੁਹਾਈ ਓ ਮੇਰੇ ਅੱਲ੍ਹਾ ਦੀ ਦੁਹਾਈ,
ਮੈਨੂੰ ਇਹ ਗੱਲ ਸਮਝ ਨਾ ਆਵੇ ।
ਸ਼ਹਿਰ ਲਾਹੌਰੋਂ,
ਬਰਫ਼ ਦੇ ਘਰ
ਕਸ਼ਮੀਰ ’ਚ ਜਾ ਕੇ ਵੀ,
ਅੱਗ ਮੇਰੇ ਨਾਲ ਨਾਲ ਤੁਰੀ ਆਈ ।
ਹਿੱਕ ’ਚ ਬਲਦੀ ਹੈ,
ਉਦੋਂ ਦੀ ਚਵਾਤੀ ਲਾਈ ।
ਏਨੀਆਂ ਸਦੀਆਂ ਬਾਅਦ,
ਪੁਸ਼ਤ ਦਰ ਪੁਸ਼ਤ,
ਇਹੀ ਅੱਗ
ਮੇਰਾ ਅੱਜ ਵੀ ਪਿੱਛਾ ਕਰਦੀ ।
ਜਬਰ ਜ਼ੁਲਮ ਤੋਂ ਭੋਰਾ ਵੀ ਨਾ ਡਰਦੀ ।
ਭਾਣਾ ਮਿੱਠਾ ਕਰ ਮੰਨਦੀ,
ਸਵਾਸ ਸਵਾਸ ਹਰ ਹਰ ਕਰਦੀ,
ਇਹੀ ਆਖਦੀ ਹੈ,
ਜਹਾਂਗੀਰ!
ਸੱਤਾ ਨਾਲ ਬਗਲਗੀਰ! ਭੁੱਲੀਂ ਨਾ ।
ਬਾਦਸ਼ਾਹਾਂ ਦੀ ਬਦੀ
ਚੂਸਦੀ ਹੈ ਰੱਤ,
ਪਰ,
ਪਾਤਿਸ਼ਾਹ ਸਾਂਭਦੇ ਨੇ
ਅਣਖ਼ੀਲੀ ਪੱਤ ।
ਵਕਤ!
ਮੈਨੂੰ ਮੁਆਫ਼ ਕਰੀਂ,
ਮੈਂ ਤੱਤੀ ਤਵੀ, ਬਲ਼ਦੀ ਰੇਤ,
ਤੇ ਵਗਦੀ ਰਾਵੀ ’ਚ,
ਹਰ ਰੋਜ਼ ਤਪਦਾ,
ਸੜਦਾ ਤੇ ਡੁੱਬਦਾ ਹਾਂ ।
ਕਿਲ੍ਹੇ ’ਚੋਂ ਹਰ ਰੋਜ਼ ਨਿਕਲਦਿਆਂ,
ਸ਼ੀਸ਼ਾ ਮੈਨੂੰ
ਅਨੇਕਾਂ ਸੁਆਲ ਕਰਦਾ ਹੈ ।
ਹਾਲੋਂ ਬੇਹਾਲ ਕਰਦਾ ਹੈ,
ਸਾਰਾ ਦਿਨ ਪਿੱਛਾ ਨਹੀਂ ਛੱਡਦਾ ।
ਬੇਹੱਦ ਨਿਢਾਲ ਕਰਦਾ ਹੈ ।
ਸਵਾਲ ਦਰ ਸਵਾਲ ਕਰਦਾ
ਸ਼ੀਸ਼ਾ ਬੇਜਿਸਮ ਹੈ,
ਮੈਥੋਂ ਟੁੱਟਦਾ ਨਹੀਂ ।
ਨਿਰਾਕਾਰ ਹੈ,
ਭੋਰਾ ਵੀ ਫੁੱਟਦਾ ਨਹੀਂ ।
ਇਹ ਸ਼ੀਸ਼ਾ ਮੈਨੂੰ ਸੌਣ ਨਹੀਂ ਦਿੰਦਾ ।