ਲੋਕ ਸਭਾ ਚੋਣਾਂ 2024 ਦੇ ਆਖਰੀ ਗੇੜ ਦੀ ਵੋਟਿੰਗ ਸ਼ੁਰੂ
ਪੰਜਾਬ ਵਿੱਚ 328 ਉਮੀਦਵਾਰ ਹਨ ਚੋਣ ਮੈਦਾਨ ‘ਚ
ਚੰਡੀਗੜ੍ਹ, 1ਜੂਨ(ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ-2024 ਦੇ ਸੱਤਵੇਂ ਅਤੇ ਆਖਰੀ ਪੜਾਅ ‘ਚ ਅੱਜ1 ਜੂਨ ਨੂੰ 7 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਅੱਜ ਵੋਟਾਂ ਪੈਣਗੀਆਂ। ਪੰਜਾਬ ਵਿੱਚ ਕੁੱਲ 2.14 ਕਰੋੜ ਵੋਟਰ ਹਨ। ਇੱਥੇ 1.12 ਕਰੋੜ ਪੁਰਸ਼ ਅਤੇ 1.1 ਕਰੋੜ ਮਹਿਲਾ ਵੋਟਰ ਹਨ। 18 ਤੋਂ 19 ਸਾਲ ਦੇ 5.38 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਪੰਜਾਬ ਵਿੱਚ 4 ਪਾਰਟੀਆਂ ਵਿੱਚ ਮੁਕਾਬਲਾ ਹੈ। ਇਨ੍ਹਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ), ਵਿਰੋਧੀ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਮਲ ਹਨ। ਪੰਜਾਬ ‘ਚ ਪਹਿਲੀ ਵਾਰ ਸਾਰੀਆਂ ਪਾਰਟੀਆਂ ਬਿਨਾਂ ਕਿਸੇ ਗਠਜੋੜ ਤੋਂ ਇਕੱਲਿਆਂ ਚੋਣਾਂ ਲੜ ਰਹੀਆਂ ਹਨ। ਸੂਬੇ ਵਿੱਚ 24451 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਸੁਰੱਖਿਆ ਲਈ 70 ਹਜ਼ਾਰ ਪੁਲਿਸ, ਹੋਮ ਗਾਰਡ ਅਤੇ ਕੇਂਦਰੀ ਸੁਰੱਖਿਆ ਬਲ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਸਿਰਫ ਪੋਲਿੰਗ ਬੂਥਾਂ ‘ਤੇ 6 ਹਜ਼ਾਰ ਤੋਂ ਵੱਧ ਥਾਵਾਂ ‘ਤੇ ਮਾਈਕਰੋ ਅਬਜ਼ਰਵਰ ਲਗਾਏ ਗਏ ਹਨ।
ਚੋਣ ਕਮਿਸ਼ਨ ਮੁਤਾਬਕ ਸੱਤਵੇਂ ਪੜਾਅ ਦੀਆਂ ਚੋਣਾਂ ਵਿੱਚ 904 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚੋਂ 809 ਪੁਰਸ਼ ਅਤੇ 95 ਮਹਿਲਾ ਉਮੀਦਵਾਰ ਹਨ। ਇਸ ਪੜਾਅ ਵਿੱਚ ਸਭ ਤੋਂ ਅਮੀਰ ਉਮੀਦਵਾਰ ਬਠਿੰਡਾ, ਪੰਜਾਬ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਹੈ। ਉਨ੍ਹਾਂ ਕੋਲ 198 ਕਰੋੜ ਰੁਪਏ ਦੀ ਜਾਇਦਾਦ ਹੈ। ਦੱਸਣਯੋਗ ਹੈ ਕਿ ਇਸ ਗੇੜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, 3 ਕੇਂਦਰੀ ਮੰਤਰੀ ਆਰ ਕੇ ਸਿੰਘ, ਰਵੀ ਸ਼ੰਕਰ ਪ੍ਰਸਾਦ ਅਤੇ ਅਨੁਰਾਗ ਠਾਕੁਰ ਮੈਦਾਨ ਵਿੱਚ ਹਨ। ਇਸ ਗੇੜ ਵਿੱਚ 4 ਫਿਲਮੀ ਸਿਤਾਰੇ ਵੀ ਚੋਣ ਮੈਦਾਨ ਵਿੱਚ ਹਨ। ਜਿਹਨਾਂ ਵਿੱਚ ਅਦਾਕਾਰਾ ਕੰਗਨਾ ਰਣੌਤ, ਰਵੀ ਕਿਸ਼ਨ, ਪਵਨ ਸਿੰਘ, ਕਾਜਲ ਨਿਸ਼ਾਦ ਸ਼ਾਮਲ ਹਨ। ਜ਼ਿਕਰਯੋਗ ਹੈ ਕਿ 542 ਲੋਕ ਸਭਾ ਸੀਟਾਂ ਦੇ ਛੇਵੇਂ ਪੜਾਅ ਤੱਕ 485 ਸੀਟਾਂ ‘ਤੇ ਵੋਟਿੰਗ ਹੋ ਚੁੱਕੀ ਹੈ।