ਰੂਸ-ਯੂਕ੍ਰੇਨ ਜੰਗ ਨੂੰ ਇੱਕ ਸਾਲ ਪੂਰਾ
ਸੰਯੁਕਤ ਰਾਸ਼ਟਰ ਮਹਾਸਭਾ ‘ਚ ਜੰਗ ਖਤਮ ਕਰਨ ਦਾ ਮਤਾ ਪਾਸ
ਭਾਰਤ,ਪਾਕਿਸਤਾਨ ਅਤੇ ਚੀਨ ਨੇ ਨਹੀਂ ਕੀਤੀ ਵੋਟਿੰਗ
ਚੰਡੀਗੜ੍ਹ 24 ਫਰਵਰੀ(ਵਿਸ਼ਵ ਵਾਰਤਾ)- ਰੂਸ-ਯੂਕਰੇਨ ਜੰਗ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ ਬੀਤੀ ਦੇਰ ਰਾਤ ਸੰਯੁਕਤ ਰਾਸ਼ਟਰ ਮਹਾਸਭਾ ‘ਚ ਯੂਕਰੇਨ ‘ਚ ਸ਼ਾਂਤੀ ਅਤੇ ਰੂਸੀ ਫੌਜ ਦੀ ਵਾਪਸੀ ਨੂੰ ਲੈ ਕੇ ਪ੍ਰਸਤਾਵ ਲਿਆਂਦਾ ਗਿਆ। ਇਹ ਮਤਾ ਦੋ ਤਿਹਾਈ ਬਹੁਮਤ ਨਾਲ ਪਾਸ ਹੋ ਗਿਆ। 141 ਦੇਸ਼ਾਂ ਨੇ ਮਤੇ ਦਾ ਸਮਰਥਨ ਕੀਤਾ। ਇਸ ਦੇ ਨਾਲ ਹੀ ਸੱਤ ਦੇਸ਼ਾਂ ਬੇਲਾਰੂਸ, ਉੱਤਰੀ ਕੋਰੀਆ, ਸੀਰੀਆ, ਮਾਲੀ, ਰੂਸ, ਇਰੀਟਰੀਆ ਅਤੇ ਨਿਕਾਰਾਗੁਆ ਨੇ ਪ੍ਰਸਤਾਵ ਦੇ ਖਿਲਾਫ ਵੋਟ ਕੀਤੀ।
ਭਾਰਤ, ਚੀਨ ਅਤੇ ਪਾਕਿਸਤਾਨ ਸਮੇਤ 32 ਦੇਸ਼ ਸੰਯੁਕਤ ਰਾਸ਼ਟਰ ‘ਚ ਇਸ ਮਤੇ ‘ਤੇ ਵੋਟਿੰਗ ਤੋਂ ਦੂਰ ਰਹੇ। 11-ਪੈਰਾਗ੍ਰਾਫ ਮਤੇ ਦੇ ਪਾਸ ਹੋਣ ਤੋਂ ਬਾਅਦ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਟਵੀਟ ਕੀਤਾ ਕਿ ਇਹ ਯੂਕਰੇਨ ਲਈ ਵਿਸ਼ਵਵਿਆਪੀ ਸਮਰਥਨ ਦਾ ਸਬੂਤ ਹੈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ‘ਚ ਰੂਸ ਦੇ ਰਾਜਦੂਤ ਦਿਮਿਤਰੀ ਪੋਲਾਂਸਕੀ ਨੇ ਇਸ ਨੂੰ ਬੇਲੋੜਾ ਕਰਾਰ ਦਿੱਤਾ। ਉਨ੍ਹਾਂ ਟਵੀਟ ਕੀਤਾ ਕਿ ਇਸ ਪ੍ਰਸਤਾਵ ਨਾਲ ਸ਼ਾਂਤੀ ਨਹੀਂ ਆਵੇਗੀ, ਸਗੋਂ ਇਹ ਜੰਗ ਭੜਕਾਉਣ ਵਾਲਿਆਂ ਨੂੰ ਹੱਲਾਸ਼ੇਰੀ ਦੇਵੇਗੀ। ਇਸ ਦੇ ਨਾਲ ਹੀ ਰੂਸ ਦਾ ਸਮਰਥਨ ਕਰਦੇ ਆ ਰਹੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਅੱਜ 12 ਸੂਤਰੀ ਸ਼ਾਂਤੀ ਯੋਜਨਾ ਜਾਰੀ ਕੀਤੀ। ਇਸ ਵਿੱਚ ਰੂਸ ਅਤੇ ਯੂਕਰੇਨ ਵਿਚਾਲੇ ਜੰਗਬੰਦੀ ਦੀ ਅਪੀਲ ਕੀਤੀ ਗਈ ਹੈ। ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਵਾਰਤਾ ਦੇ ਨਾਲ-ਨਾਲ ਪੱਛਮੀ ਦੇਸ਼ਾਂ ਵਲੋਂ ਰੂਸ ‘ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਖਤਮ ਕਰਨ ਲਈ ਵੀ ਕਿਹਾ ਗਿਆ ਹੈ। ਚੀਨ ਨੇ ਕਿਹਾ ਕਿ ਇਸ ਜੰਗ ਵਿੱਚ ਪਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਨੂੰ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੀ ਪਾਲਣਾ ਕਰਦੇ ਹੋਏ ਆਮ ਨਾਗਰਿਕਾਂ ‘ਤੇ ਹਮਲੇ ਨਹੀਂ ਕਰਨੇ ਚਾਹੀਦੇ।
ਚੀਨ ਨੇ ਆਪਣੀ ਸ਼ਾਂਤੀ ਯੋਜਨਾ ‘ਚ ਸ਼ੀਤ ਯੁੱਧ ਦੀ ਮਾਨਸਿਕਤਾ ਨੂੰ ਖਤਮ ਕਰਦੇ ਹੋਏ ਅਮਰੀਕਾ ਤੋਂ ਦੂਜੇ ਦੇਸ਼ਾਂ ਦੇ ਮਾਮਲਿਆਂ ‘ਚ ਦਖਲ ਨਾ ਦੇਣ ਦੀ ਮੰਗ ਵੀ ਕੀਤੀ।