3 ਮਈ ਸਵੇਰੇ 9 ਵਜੇ ਤੱਕ ਪ੍ਰਾਪਤ ਹੋਈਆਂ 2308 ਦਰਖ਼ਾਸਤਾਂ
ਮਾਨਸਾ,3 ਮਈ ( ਵਿਸ਼ਵ ਵਾਰਤਾ )ਮਾਨਸਾ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਸੂਬਾ ਸਰਕਾਰ ਦੁਆਰਾ ਪੰਜਾਬ ਵਿਚ ਫਸੇ ਬਾਹਰਲੇ ਸੂਬਿਆਂ ਨਾਲ ਸਬੰਧਤ ਵਿਅਕਤੀ ਜੋ ਵਾਪਸ ਆਪਣੇ ਸੂਬੇ,ਆਪਣੇ ਘਰ ਜਾਣ ਦੇ ਇੱਛੁਕ ਹਨ, ਉਨ੍ਹਾਂ ਲਈ ਇਕ ਵੈਬ ਪੋਰਟਲ www.covidhelp.punjab.gov.in ਜਾਰੀ ਕੀਤਾ ਗਿਆ ਹੈ।
ਪ੍ਰਾਪਤ ਹੋਈਆਂ ਦਰਖ਼ਾਸਤਾਂ ਸਬੰਧੀ ਅੱਜ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ 3 ਮਈ ਨੂੰ ਸਵੇਰੇ 9 ਵਜੇ ਤੱਕ ਕੁੱਲ 2308 ਵਿਅਕਤੀਆਂ ਦੀਆਂ ਦਰਖ਼ਾਸਤਾਂ ਪ੍ਰਾਪਤ ਹੋਈਆਂ ਹਨ,ਜਿਨ੍ਹਾਂ ਵਿੱਚ ਬੁਢਲਾਡਾ ਦੇ 290,ਸਰਦੂਲਗੜ੍ਹ ਦੇ 394 ਅਤੇ ਮਾਨਸਾ ਦੇ 1624 ਵਿਅਕਤੀ ਸ਼ਾਮਲ ਹਨ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਵਾਪਸ ਇਨ੍ਹਾਂ ਦੇ ਸੂਬਿਆਂ ਵਿੱਚ ਭੇਜਣ ਤੋਂ ਪਹਿਲਾਂ ਇਨ੍ਹਾਂ ਦੀ ਮੈਡੀਕਲ ਸਕਰੀਨਿੰਗ ਕਰਵਾਈ ਜਾਵੇ।
ਸ਼੍ਰੀ ਚਹਿਲ ਨੇ ਦੱਸਿਆ ਇਹ ਸਕਰੀਨਿੰਗ 4 ਮਈ 2020 ਨੂੰ ਕੀਤੀ ਜਾਵੇਗੀ,ਜਿਸ ਲਈ ਜ਼ਿਲ੍ਹੇ ਦੀਆਂ ਸਬ-ਡਵੀਜ਼ਨਾਂ ਵਿੱਚ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਮਾਨਸਾ ਦੇ ਸਰਕਾਰੀ ਨਹਿਰੂ ਕਾਲਜ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਅਤੇ ਦੁਪਹਿਰ 2 ਤੋਂ ਸ਼ਾਮ ਦੇ 5 ਵਜੇ,ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਸਵੇਰੇ 9 ਤੋਂ 12 ਵਜੇ ਤੱਕ ਅਤੇ ਭਾਰਤ ਗੁਰੱਪ ਆਫ਼ ਕਾਲਜਿਜ਼ ਖੈਰਾ ਖੁਰਦ (ਸਰਦੂਲਗੜ੍ਹ) ਵਿਖੇ ਵੀ ਸਵੇਰੇ 9 ਤੋਂ 12 ਵਜੇ ਤੱਕ ਮੈਡੀਕਲ ਸਕਰੀਨਿੰਗ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਡੀਕਲ ਸਕਰੀਨਿੰਗ ਹੋਣ ਤੋਂ ਬਾਅਦ ਮੈਡੀਕਲ ਟੀਮ ਵੱਲੋਂ ਸਬੰਧਤ ਵਿਅਕਤੀ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ, ਜਿਸ ਵਿੱਚ ਉਹ ਆਈ.ਡੀ. ਲਿਖੀ ਜਾਵੇਗੀ,ਜੋ ਤੁਹਾਨੂੰ ਰਜਿਸਟ੍ਰੇਸ਼ਨ ਸਮੇਂ ਪ੍ਰਾਪਤ ਹੋਈ ਸੀ। ਉਨ੍ਹਾਂ ਨਾਲ ਹੀ ਕਿਹਾ ਕਿ ਮੈਡੀਕਲ ਸਕਰੀਨਿੰਗ ਮੌਕੇ ਹਰੇਕ ਵਿਅਕਤੀ ਦਾ ਮਾਸਕ ਪਾਕੇ ਆਉਣਾ ਲਾਜ਼ਮੀ ਹੈ।