ਭਾਰਤੀ ਮੂਲ ਦੇ ਅਜੇ ਬੰਗਾ ਬਣ ਸਕਦੇ ਹਨ ਵਿਸ਼ਵ ਬੈਂਕ ਦੇ ਨਵੇਂ ਪ੍ਰਧਾਨ
ਅਮਰੀਕਾ ਦੇ ਰਾਸ਼ਟਰਪਤੀ ਨੇ ਕੀਤਾ ਨਾਮਜ਼ਦ
ਪੜ੍ਹੋ ਕੌਣ ਹਨ ਅਜੇ ਬੰਗਾ, ਪੂਰੀ ਜਾਣਕਾਰੀ
ਚੰਡੀਗੜ੍ਹ 24 ਫਰਵਰੀ(ਵਿਸ਼ਵ ਵਾਰਤਾ ਬਿਓਰੋ) – ਮਾਸਟਰਕਾਰਡ ਦੇ ਸਾਬਕਾ ਸੀਈਓ ਅਜੈ ਬੰਗਾ ਵਿਸ਼ਵ ਬੈਂਕ ਦੇ ਨਵੇਂ ਪ੍ਰਧਾਨ ਬਣ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਬੀਤੇ ਕੱਲ੍ਹ ਉਨ੍ਹਾਂ ਨੂੰ ਨਾਮਜ਼ਦ ਕੀਤਾ। ਉਹ ਇਸ ਅਹੁਦੇ ਲਈ ਨਾਮਜ਼ਦ ਕੀਤੇ ਜਾਣ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ। ਉਨ੍ਹਾਂ ਨੂੰ ਵਿਸ਼ਵ ਬੈਂਕ ਦੇ ਮੌਜੂਦਾ ਪ੍ਰਧਾਨ ਡੇਵਿਡ ਮਾਲਪਾਸ ਵੱਲੋਂ ਅਪ੍ਰੈਲ 2024 ਤੋਂ ਪਹਿਲਾਂ ਅਹੁਦਾ ਛੱਡਣ ਦੇ ਐਲਾਨ ਤੋਂ ਬਾਅਦ ਨਾਮਜ਼ਦ ਕੀਤਾ ਗਿਆ ਹੈ। ਵਰਤਮਾਨ ਵਿੱਚ, 63 ਸਾਲਾ ਭਾਰਤੀ-ਅਮਰੀਕੀ ਬੰਗਾ ਪ੍ਰਾਈਵੇਟ ਇਕੁਇਟੀ ਫੰਡ ਜਨਰਲ ਅਟਲਾਂਟਿਕ ਦੇ ਉਪ-ਚੇਅਰਮੈਨ ਹਨ।
ਅਜੈ ਬੰਗਾ ਨੇ ਆਪਣੀ ਸਕੂਲੀ ਸਿੱਖਿਆ ਜਲੰਧਰ ਅਤੇ ਸ਼ਿਮਲਾ ਤੋਂ ਕੀਤੀ। ਡੀਯੂ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਆਈਆਈਐਮ ਅਹਿਮਦਾਬਾਦ ਤੋਂ ਐਮਬੀਏ ਕੀਤੀ। ਉਹ 1981 ਵਿੱਚ ਮੈਨੇਜਮੈਂਟ ਟਰੇਨੀ ਵਜੋਂ ਨੇਸਲੇ ਇੰਡੀਆ ਵਿੱਚ ਸ਼ਾਮਲ ਹੋਏ ਅਤੇ 13 ਸਾਲਾਂ ਬਾਅਦ ਮੈਨੇਜਰ ਬਣੇ। ਉਦਾਰੀਕਰਨ ਦੇ ਦੌਰ ਦੀ ਸ਼ੁਰੂਆਤ ਦੌਰਾਨ ਬੰਗਾ ਨੇ ਭਾਰਤ ਵਿੱਚ ਪੀਜ਼ਾ ਹੱਟ ਅਤੇ ਕੇਐਫਸੀ ਦੀ ਸ਼ੁਰੂਆਤ ਵਿੱਚ ਮੁੱਖ ਭੂਮਿਕਾ ਨਿਭਾਈ ਸੀ।
ਬੰਗਾ 1996 ਵਿੱਚ ਸਿਟੀਗਰੁੱਪ ਦੇ ਮਾਰਕੀਟਿੰਗ ਮੁਖੀ ਬਣੇ। 2000 ਵਿੱਚ ਉਹਨਾਂ ਨੂੰ ਸਿਟੀ ਫਾਈਨੈਂਸ਼ੀਅਲ ਦਾ ਮੁਖੀ ਨਿਯੁਕਤ ਕੀਤਾ ਗਿਆ। 2009 ਵਿੱਚ ਮਾਸਟਰਕਾਰਡ ਦੇ ਸੀਈਓ ਬਣੇ ਅਤੇ ਆਪਣੀਆਂ ਮਾਰਕੀਟਿੰਗ ਰਣਨੀਤੀਆਂ ਨਾਲ ਮਾਸਟਰਕਾਰਡ ਨੂੰ ਨੌਜਵਾਨਾਂ ਵਿੱਚ ਇੰਨਾ ਮਸ਼ਹੂਰ ਕਰ ਦਿੱਤਾ ਕਿ ਇਹ ਇੱਕ ਸਟੇਟਸ ਸਿੰਬਲ ਬਣ ਗਿਆ। ਬੰਗਾ ਨੂੰ 2016 ਵਿੱਚ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
2012 ਵਿੱਚ ਮਸ਼ਹੂਰ ਮੈਗਜ਼ੀਨ ਫਾਰਚਿਊਨ ਨੇ ਬੰਗਾ ਨੂੰ ‘ਪਾਵਰਫੁੱਲ ਇੰਡਸਟਰੀਲਿਸਟ-2012’ ਵਜੋਂ ਚੁਣਿਆ। ਉਹ ਹਿੰਦੁਸਤਾਨ ਯੂਨੀਲੀਵਰ ਦੇ ਸਾਬਕਾ ਚੇਅਰਮੈਨ ਮਨਵਿੰਦਰ ਸਿੰਘ ਬੰਗਾ ਦੇ ਭਰਾ ਹਨ।
ਬਿਡੇਨ ਨੇ ਕਿਹਾ ਕਿ ਅਜੈ ਨੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਗਲੋਬਲ ਕੰਪਨੀਆਂ ਬਣਾਉਣ ਅਤੇ ਪ੍ਰਬੰਧਿਤ ਕਰਨ ਦਾ ਕੰਮ ਕੀਤਾ ਹੈ। ਇਹ ਉਹ ਕੰਪਨੀਆਂ ਹਨ ਜਿਨ੍ਹਾਂ ਨੇ ਆਰਥਿਕਤਾ ਦੇ ਨਾਲ-ਨਾਲ ਰੁਜ਼ਗਾਰ ਨੂੰ ਵੀ ਹੁਲਾਰਾ ਦਿੱਤਾ ਹੈ। ਨਾਲ ਹੀ ਕਿਹਾ ਕਿ ਅਜੇ ਇਸ ਇਤਿਹਾਸਕ ਪਲ ‘ਤੇ ਵਿਸ਼ਵ ਬੈਂਕ ਦੀ ਅਗਵਾਈ ਕਰਨ ਵਾਲੇ ਸਭ ਤੋਂ ਯੋਗ ਵਿਅਕਤੀ ਹਨ।
।