ਫਰਿਜ਼ਨੋ(ਅਮਰੀਕਾ) ਵਾਸੀ ਪੰਜਾਬੀ ਕਵੀ ਹਰਜਿੰਦਰ ਕੰਗ ਵਤਨ ਪਰਤੇ
ਲੁਧਿਆਣਾਃ 9 ਅਕਤੂਬਰ(ਵਿਸ਼ਵ ਵਾਰਤਾ) ਫਰਿਜ਼ਨੋ(ਅਮਰੀਕਾ) ਵੱਸਦੇ ਪੰਜਾਬੀ ਕਵੀ ਤੇ ਸਿਰਕੱਢ ਗੀਤਕਾਰ ਹਰਜਿੰਦਰ ਕੰਗ ਕੁਝ ਦਿਨਾਂ ਲਈ (ਜਲੰਧਰ)ਪੰਜਾਬ ਵਿੱਚ ਹਨ। ਉਨ੍ਹਾਂ ਦੀ ਸੱਜਰੀ ਕਿਤਾਬ “ਵੇਲ ਰੁਪਏ ਦੀ ਵੇਲ” ਸਵੀਨਾ ਪ੍ਰਕਾਸ਼ਨ ਯੂ ਐੱਸ ਏ ਵੱਲੋਂ ਛਪ ਕੇ ਆਈ ਹੈ। ਸਵੀਨਾ ਪੰਜਾਬੀ ਲੇਖਿਕਾ ਪਰਵੇਜ਼ ਸੰਧੂ ਦੀ ਨੌਜਵਾਨ ਬੇਟੀ ਤੇ ਕੰਗ ਦੀ ਭਣੇਵੀਂ ਸੀ ਜਿਸ ਦੀ ਯਾਦ ਵਿੱਚ ਇਹ ਪੰਪ੍ਰਕਾਸ਼ਨ 2014 ਵਿੱਚ ਆਰੰਭਿਆ ਗਿਆ ਸੀ। ਇਸ ਪੁਸਤਕ ਦੇ ਚੇਤਨਾ ਪ੍ਰਕਾਸ਼ਨ ਕੋਲ ਵਿਤਰਣ ਅਧਿਕਾਰ ਹਨ।
ਹਰਜਿੰਦਰ ਕੰਗ ਦੇ ਨਿਕਟਵਰਤੀ ਮਿੱਤਰ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਹਰਜਿੰਦਰ ਕੰਗ ਦੀਆਂ ਇਸ ਤੋਂ ਪਹਿਲਾਂ ਸਵਾਂਤੀ ਬੂੰਦ (ਗ਼ਜ਼ਲ ਸੰਗ੍ਰਹਿ)ਠੀਕਰੀ ਪਹਿਰਾ (ਗ਼ਜਲ ਸੰਗ੍ਰਹਿ) ਚੁੱਪ ਦੇ ਟੁਕੜੇ (ਕਾਵਿ ਸੰਗ੍ਰਹਿ) ਆਪਾਂ ਦੋਵੇ ਰੁੱਸ ਬੈਠੇ (ਗੀਤ ਸੰਗ੍ਰਹਿ) ਛਪ ਚੁਕੇ ਹਨ। ਉੱਘੇ ਗਾਇਕ ਹੰਸ ਰਾਜ ਹੰਸ ਵੱਲੋਂ ਗਾਏ ਗੀਤ
ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ ਅਤੇ
ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਪਰ ਨਹੀਂ ਹੁੰਦੇ ਕੁੜੀਆਂ ਦੇ।
ਪੇਕੇ ਸਹੁਰੇ ਹੁੰਦੇ ਨੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ। ਬਹੁਤ ਹੀ ਮਕਬੂਲ ਹੋਏ ਸਨ। ਪਿੰਡ ਕੰਗ ਜਾਗੀਰ (ਜਲੰਧਰ ਦੇ ਜੰਮਪਲ ਹਰਜਿੰਦਰ ਕੰਗ ਲਾਇਲਪੁਰ ਖਾਲਸਾ ਕਾਲਿਜ ਜਲੰਧਰ ਦੇ ਪੋਸਟ ਗਰੈਜੂਏਟ ਹਨ ਅਤੇ ਪਿਛਲੇ ਤੀਹ ਸਾਲ ਤੋਂ ਅਮਰੀਕਾ ਵਿੱਚ ਰਹਿੰਦੇ ਹਨ ਅਤੇ ਉਥੋਂ ਦੀ ਵਿਸ਼ਵ ਪੰਜਾਬੀ ਸਾਹਿੱਤ ਅਕਾਡਮੀ ਦੇ ਅਹੁਦੇਦਾਰ ਹਨ ਜਿਸ ਵੱਲੋਂ ਸ. ਚਰਨਜੀਤ ਸਿੰਘ ਬਾਠ ਨੇ ਸਾਲ 2015 ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਫਰਿਜ਼ਨੋ ਵਿਖੇ ਕਰਵਾਈ ਸੀ।
ਪ੍ਰੋ. ਗਿੱਲ ਨੇ ਦੱਸਿਆ ਕਿ ਹਰਜਿੰਦਰ ਕੰਗ ਨਾਲ ਰੂਬਰੂ ਤੇ ਨਵੀਂ ਪੁਸਤਕ ਦਾ ਲੋਕ ਅਰਪਣ ਸਮਾਗਮ ਨੇੜ ਭਵਿੱਖ ਵਿੱਚ ਲੁਧਿਆਣਾ ਵਿਖੇ ਕਰਾਂਗੇ।