*ਬਠਿੰਡਾ 29 ਅਪ੍ਰੈਲ ( ਵਿਸ਼ਵ ਵਾਰਤਾ)- ਪੱਤਰਕਾਰ ਭਾਈਚਾਰਾ ਇਸ ਵੇਲੇ ਕਰੋਨਾ ਮਹਾਂਮਾਰੀ ਦੇ ਕਹਿਰ ਦੌਰਾਨ ਵੀ ਆਪਣੀ ਜਾਨ ਤਲੀ ਤੇ ਰੱਖ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਪ੍ਰਵਾਹ ਕੀਤੇ ਬਿਨਾਂ ਦਿਨ ਰਾਤ ਗਰਾਊਂਡ ਜ਼ੀਰੋ ਤੋਂ ਆਮ ਲੋਕਾਂ ਨੂੰ ਘਰ ਬੈਠੇ ਪਲ ਪਲ ਖਬਰ ਅਤੇ ਜਾਣਕਾਰੀ ਸਮੇਂ ਸਿਰ ਉਪਲੱਬਧ ਕਰਵਾ ਰਿਹਾ ਹੈ। ਪਰ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਉਹਨਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਨੇ ਪੂਰੇ ਦੇਸ਼ ਵਾਂਗ ਪੰਜਾਬ ਵਿਚ ਵੀ ਕਹਿਰ ਢਾਇਆ ਹੋਇਆ ਹੈ ਇਸ ਔਖੀ ਘੜੀ ਵੇਲੇ ਜਿੱਥੇ ਡਾਕਟਰ, ਨਰਸਿੰਗ ਸਟਾਫ, ਪੁਲਿਸ ਕਰਮਚਾਰੀ, ਸਫਾਈ ਕਰਮਚਾਰੀ ਅਤੇ ਪ੍ਰਸ਼ਾਸਨਿਕ ਅਮਲਾ ਆਪਣੀ ਤਨਦੇਹੀ ਨਾਲ ਇਸ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦਾ ਸਾਹਮਣਾ ਕਰਦੇ ਹੋਏ ਸਮਾਜ ਦੀ ਸੇਵਾ ਕਰ ਰਹੇ ਹਨ ਉੱਥੇ ਮੀਡਿਆ ਦੇ ਸਾਥੀ ਵੀ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ।
ਨੀਲ ਗਰਗ ਨੇ ਕਿਹਾ ਕਿ ਭਾਵੇਂ ਕਰੋਨਾ ਦੇ ਬਾਕੀ ਯੋਧਿਆਂ ਦੀ ਦੇ ਕੰਮ ਦੀ ਸਰਕਾਰ ਅਤੇ ਆਮ ਲੋਕਾਂ ਵਲੋਂ ਤਾਰੀਫ ਵੀ ਕੀਤੀ ਜਾ ਰਹੀ ਹੈ ਤੇ ਸਰਕਾਰ ਵੱਲੋਂ ਕੁਝ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ ਪਰ ਇਸ ਦੇ ਉਲਟ ਲੋਕਤੰਤਰ ਦੇ ਚੌਥੇ ਥੰਮ ਸਮਝੇ ਜਾਂਦੇ ਮੀਡੀਆ ਦੇ ਸਾਥੀ ਵੀ ਇਸ ਮਹਾਂਮਾਰੀ ਦੇ ਦੌਰ ਚ ਦਿਨ ਰਾਤ ਗਰਾਊਂਡ ਲੈਵਲ ਤੇ ਕੰਮ ਕਰਕੇ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿੱਥੇ ਇਕ ਪਾਸੇ ਹਰਿਆਣਾ ਸਰਕਾਰ ਆਪਣੇ ਪੱਤਰਕਾਰਾਂ ਲਈ 10 ਲੱਖ ਦਾ ਬੀਮਾ ਕਰਵਾ ਕੇ ਦੇ ਰਹੀ ਹੈ, ਪਰ ਪੰਜਾਬ ਦੀ ਕੈਪਟਨ ਸਰਕਾਰ ਇਹਨਾਂ ਪੱਤਰਕਾਰ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਹੈ ਨਾ ਹੀ ਕਿਸੇ ਪੱਤਰਕਾਰ ਸਾਥੀ ਨੂੰ ਮਾਸਕ, ਸੈਨੀਟਾਈਜ਼ਰ, ਹੈਂਡ ਗਲਵਸ, ਜਾਂ ਕੋਈ ਵੀ ਪੀ.ਪੀ.ਈ. ਕਿੱਟ ਉਪਲੱਬਧ ਨਹੀਂ ਕਰਵਾਈ ਗਈ। ਨਾ ਹੀ ਹੋਰ ਕਿਸੇ ਕਿਸਮ ਦੀ ਕੋਈ ਸਹੂਲਤ ਦਿੱਤੀ ਗਈ ਹੈ।
ਇਸ ਮੌਕੇ ਆਪ ਟ੍ਰੇਡ ਵਿੰਗ ਪੰਜਾਬ ਦੇ ਕੋ-ਪ੍ਰਧਾਨ ਸ਼੍ਰੀ ਅਨਿਲ ਠਾਕੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ, ਇਸ ਕਰੋਨਾ ਵਾਇਰਸ ਦੀ ਬਿਮਾਰੀ ਦਾ ਸਾਹਮਣਾ ਕਰਨ ਲਈ ਪੰਜਾਬ ਦੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਜੋ ਕਿ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਹਨ, ਜਲਦ ਤੋਂ ਜਲਦ ਐਨ-95 ਮਾਸਕ, ਸੈਨੀਟਾਈਜ਼ਰ, ਪੀ.ਪੀ.ਈ. ਕਿਟ, ਹੈਂਡ ਗਲਵਸ ਅਤੇ ਸਭ ਤੋਂ ਜਰੂਰੀ ਚੀਜ਼ ਹਰਿਆਣਾ ਸਰਕਾਰ ਦੀ ਤਰਜ਼ ਤੇ 20 ਲੱਖ ਰੁਪਏ ਦਾ ਬੀਮਾ ਤੁਰੰਤ ਕਰਵਾ ਕੇ ਦੇਣ, ਜਿਸ ਨਾਲ ਰੱਬ ਨਾ ਕਰੇ ਜੇ ਉਹਨਾਂ ਨਾਲ ਕੋਈ ਮਾੜਾ ਭਾਣਾ ਵਰਤ ਜਾਂਦਾ ਹੈ ਤਾਂ ਘੱਟੋ ਘੱਟ ਉਹਨਾਂ ਦੇ ਪਰਿਵਾਰ ਅਤੇ ਬੱਚਿਆਂ ਦਾ ਭਵਿੱਖ ਸੁਰੱਖਿਅਤ
ਹੋ ਜਾਵੇ। ਕੈਪਟਨ ਸਰਕਾਰ ਨੂੰ ਪੱਤਰਕਾਰ ਭਾਈਚਾਰੇ ਨਾਲ ਗੱਲਬਤ ਕਰਕੇ ਉਹਨਾਂ ਦੀ ਹਰ ਮੁਸ਼ਕਿਲ ਦਾ ਹੱਲ ਜਲਦ ਤੋਂ ਜਲਦ ਕਰਨਾ ਚਾਹੀਦਾ ਹੈ, ਜਿਸ ਨਾਲ ਉਹ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਨਿਰਵਿਘਨ ਜਾਰੀ ਰੱਖ ਸੱਕਣ