ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਬਾਕੀ ਤਿੰਨ ਗ੍ਰਿਫਤਾਰ ਵਿਅਕਤੀਆਂ ਵੱਲੋਂ ਦੋਵੇਂ ਸਾਜਿਸ਼ਘਾੜਿਆਂ ਨੂੰ ਸਪਲਾਈ ਕੀਤੀ ਗਈ ਸੀ ਵਿਸਫੋਟਕ ਸਮੱਗਰੀ: ਡੀ.ਜੀ.ਪੀ. ਪੰਜਾਬ
ਪੁਲਿਸ ਟੀਮਾਂ ਵੱਲੋਂ ਮੁਲਜ਼ਮਾਂ ਦੇ ਕਬਜ਼ੇ ‘ਚੋਂ 1.1 ਕਿਲੋ ਵਿਸਫੋਟਕ ਸਮੱਗਰੀ ਅਤੇ ਮੋਬਾਈਲ ਫ਼ੋਨ ਬਰਾਮਦ
ਚੰਡੀਗੜ੍ਹ/ਅੰਮ੍ਰਿਤਸਰ, 11 ਮਈ( ਵਿਸ਼ਵ ਵਾਰਤਾ)-ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਅੱਜ ਹੈਰੀਟੇਜ ਸਟਰੀਟ ਬਲਾਸਟ ਦੇ ਮਾਮਲੇ ਨੂੰ ਸੁਲਝਾਉਂਦਿਆਂ ਦੋ ਮੁੱਖ ਦੋਸ਼ੀਆਂ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਣਯੋਗ ਹੈ ਕਿ 6 ਮਈ ਤੋਂ ਲੈ ਕੇ ਪਿਛਲੇ ਛੇ ਦਿਨਾਂ ਅੰਦਰ ਹਰਿਮੰਦਰ ਸਾਹਿਬ, ਅੰਮ੍ਰਿਤਸਰ ਨੇੜੇ ਹੈਰੀਟੇਜ ਸਟਰੀਟ ‘ਤੇ ਤਿੰਨ ਘੱਟ-ਤੀਬਰਤਾ ਵਾਲੇ ਧਮਾਕੇ ਹੋਏ ਸਨ।
ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਆਜ਼ਾਦ ਬੀਰ ਸਿੰਘ (36) ਵਾਸੀ ਪਿੰਡ ਵਡਾਲਾ ਕਲਾਂ, ਬਾਬਾ ਬਕਾਲਾ; ਅਮਰੀਕ ਸਿੰਘ ਵਾਸੀ ਗੁਰਦਾਸਪੁਰ, ਸਾਹਿਬ ਸਿੰਘ ਵਾਸੀ ਗੇਟ ਹਕੀਮਾ ਅਨਗੜ੍ਹ, ਧਰਮਿੰਦਰ ਅਤੇ ਹਰਜੀਤ ਦੋਵੇਂ ਵਾਸੀ 88 ਫੁੱਟ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ‘ਚੋਂ 1.1 ਕਿਲੋਗ੍ਰਾਮ ਕਲੋਰੇਟ ਅਤੇ ਬ੍ਰੋਮਾਈਡ ਮਿਸ਼ਰਣ (ਪਟਾਕੇ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ) ਅਤੇ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅਤੇ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਬਾਰੀਕੀ ਨਾਲ ਵਿਗਿਆਨਕ ਅਤੇ ਤਕਨੀਕੀ ਜਾਂਚ ਕਰਦਿਆਂ ਇਸ ਮਾਮਲੇ ਨੂੰ ਸਫਲਤਾਪੂਰਵਕ ਹੱਲ ਕਰ ਲਿਆ ਹੈ। ਉਨ੍ਹਾਂ ਇਸ ਕੇਸ ਨੂੰ ਸੁਲਝਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਤਰ੍ਹਾਂ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ।
ਉਨ੍ਹਾਂ ਦੱਸਿਆ ਕਿ ਗੁਰੂ ਰਾਮਦਾਸ ਸਰਾਂ ਵਿਖੇ ਵੀਰਵਾਰ ਰਾਤ ਕਰੀਬ 12.15 ਵਜੇ ਹੋਏ ਤੀਜੇ ਧਮਾਕੇ ਦੀ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੇ ਜਾਣ ‘ਤੇ ਮੁਲਜ਼ਮ ਆਜ਼ਾਦ ਬੀਰ ਸਿੰਘ ਸਰਾਂ ਦੇ ਬਾਥਰੂਮ ਵਿੱਚ ਜਾ ਕੇ ਉਸ ਦੇ ਪਿੱਛੇ ਪਾਰਕ ਵਿੱਚ ਬੰਬ ਸੁੱਟਦਾ ਦਿਸਦਾ ਪਾਇਆ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਅਮਰੀਕ ਵੀ ਦੋਸ਼ੀ ਆਜ਼ਾਦ ਬੀਰ ਦੇ ਪਿੱਛੇ ਜਾਂਦਾ ਦੇਖਿਆ ਗਿਆ।
ਡੀਜੀਪੀ ਨੇ ਕਿਹਾ ਕਿ ਐਸਜੀਪੀਸੀ ਟਾਸਕ ਫੋਰਸ ਦੇ ਨਾਲ ਪੁਲਿਸ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਨੇ ਤਿੰਨੋਂ ਧਮਾਕਿਆਂ ਨੂੰ ਅੰਜ਼ਾਮ ਦੇਣ ਦੀ ਜ਼ਿੰਮੇਵਾਰੀ ਲਈ ਹੈ। ਜਾਂਚ ਵਿੱਚ ਪਾਇਆ ਗਿਆ ਕਿ ਮੁਲਜ਼ਮਾਂ ਨੇ ਧਮਾਕੇ ਕਰਨ ਲਈ ਕੰਟੇਨਰਾਂ, ਜਿਨ੍ਹਾਂ ਵਿੱਚ ਐਨਰਜੀ ਡ੍ਰਿੰਕ ਦੇ ਕੈਨ ਅਤੇ ਟਿਫਿਨ ਸ਼ਾਮਲ ਹਨ, ਨੂੰ ਪੋਲੀਥੀਨ ਬੈਗ ਵਿੱਚ ਲਪੇਟ ਕੇ ਧਾਗੇ ਨਾਲ ਇਸ ਤਰ੍ਹਾਂ ਬੰਨ੍ਹਿਆ ਗਿਆ ਸੀ ਕਿ ਧਾਗੇ ਨੂੰ ਖਿੱਚਦੇ ਸਾਰ ਹੀ ਧਰਤੀ ‘ਤੇ ਡਿੱਗਣ ਨਾਲ ਧਮਾਕਾ ਹੋ ਜਾਵੇ।
ਡੀਜੀਪੀ ਗੌਰਵ ਯਾਦਵ ਨੇ ਗ੍ਰਿਫਤਾਰ ਵਿਅਕਤੀਆਂ ਦੇ ਪਾਕਿ-ਅਧਾਰਤ ਏਜੰਸੀਆਂ ਜਾਂ ਖਾਲਿਸਤਾਨ ਪੱਖੀ ਤੱਤਾਂ ਨਾਲ ਸਬੰਧਾਂ ਨੂੰ ਪੂਰੀ ਤਰ੍ਹਾਂ ਨਾ ਨਕਾਰਦਿਆਂ ਕਿਹਾ ਕਿ ਪਹਿਲੀ ਨਜ਼ਰੇ ਅਜਿਹਾ ਜਾਪਦਾ ਹੈ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਵਿਅਕਤੀਗਤ ਤੌਰ ‘ਤੇ ਕੱਟੜਪੰਥੀ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਟੀਮਾਂ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਮਿਲ ਕੇ ਮੁਲਜ਼ਮ ਧਰਮਿੰਦਰ ਰਾਹੀਂ ਮੁਲਜ਼ਮਾਂ ਹਰਜੀਤ ਸਿੰਘ ਅਤੇ ਸਾਹਿਬ ਸਿੰਘ ਤੋਂ ਧਮਾਕਾਖੇਜ਼ ਸਮੱਗਰੀ ਖਰੀਦੀ ਅਤੇ ਉਸ ਵਿੱਚ ਪੱਥਰ ਪਾ ਕੇ ਟਰਾਇਲ ਕਰਕੇ ਦੇਖਿਆ, ਜਿਸ ਵਿੱਚ ਉਹ ਸਫ਼ਲ ਰਹੇ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਵਿਸਫੋਟਕ ਸਮੱਗਰੀ ਸਪਲਾਈ ਕਰਨ ਦੇ ਦੋਸ਼ ਵਿੱਚ ਤਿੰਨਾਂ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਸਬੰਧੀ ਪੁਲਿਸ ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਸਿਟੀ ਵਿਖੇ ਵਿਸਫੋਟਕ ਐਕਟ ਦੀ ਧਾਰਾ 9ਬੀ, ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3, 4 ਅਤੇ 5, ਗੈਰਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਸਬੰਧੀ ਐਕਟ ਦੀਆਂ ਧਾਰਾਵਾਂ 13, 16, 18 ਅਤੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ ਤਹਿਤ ਐਫਆਈਆਰ ਨੰਬਰ 49/2023 ਮਿਤੀ 11.05.2023 ਤਹਿਤ ਮਾਮਲਾ ਦਰਜ ਕੀਤਾ ਹੈ।