ਕੋਵਿਡ 19 ਦੋਰਾਨ ਲਾਗੂ ਬੰਦਿਸ਼ਾਂ ਦੇ ਬਾਵਜੂਦ ਔਕੜ ਰਹਿਤ ਖਰੀਦ ਕਾਰਜ ਚਲਾਉਣ ਵਾਲੇ ਸਮੂਹ ਲੋਕਾਂ ਨੂੰ ਦਿੱਤੀ ਵਧਾਈ ਅਤੇ ਕੀਤਾ ਧੰਨਵਾਦ
ਖੇਤੀ ਆਰਥਿਕਤਾ ਵਿੱਚ 10000 ਕਰੋੜ ਰੁਪਏ ਪਾਏ
ਕਿਸਾਨਾਂ ਦੀ ਉਪਜ ਦਾ ਇਕ ਇਕ ਦਾਣਾ ਖ੍ਰੀਦਣ ਦਾ ਮੁੜ ਅਹਿਦ ਦੁਹਰਾਇਆ
ਚੰਡੀਗੜ੍ਹ, 3 ਮਈ( ਵਿਸ਼ਵ ਵਾਰਤਾ)- ਪੰਜਾਬ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਥੇ ਕਿਹਾ ਕਿ ਕੋਵਿਡ 19 ਕਾਰਨ ਸੂਬੇ ਵਿਚ ਲਗਾਏ ਗਏ ਕਰਫਿਊ ਅਤੇ ਲੋਕਡਾਊਨ ਕਾਰਨ ਪੈਦਾ ਹੋਈਆਂ ਅਨੇਕਾਂ ਮੁਸ਼ਕਿਲਾਂ ਦੋਰਾਨ ਬੀਤੇ 19 ਦਿਨਾਂ ਦੋਰਾਨ ਸੂਬੇ ਵਿਚ 90 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਸਫਲਤਾ ਪੂਰਵਕ ਕਰ ਲਈ ਹੈ। ਇਸ ਵਾਰ ਅੰਦਾਜ਼ਨ 135 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾਣੀ ਹੈ।
ਸੂਬੇ ਵਿਚ ਬਿਨਾਂ ਕਿਸੇ ਔਂਕੜ ਦੇ ਕਣਕ ਖਰੀਦ ਦੇ ਚਲ ਰਹੇ ਕਾਰਜ ਲਈ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਹੋਰ ਹਿੱਸੇਦਾਰਾਂ ਵਧਾਈ ਦਿੰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਵੱਡ ਆਕਾਰੀ ਕਾਰਜ ਵਿਚ ਸ਼ਾਮਿਲ ਸਾਰੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੂਬੇ ਦੀਆਂ 4000 ਮੰਡੀਆਂ ਵਿੱਚ ਸਮਾਜਿਕ ਦੂਰੀ ਸਬੰਧੀ ਨਿਯਮ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਬਹੁਤ ਹੀ ਜ਼ਿਆਦਾ ਤਸੱਲੀਬਖ਼ਸ਼ ਗੱਲ ਹੈ ਕਿ ਲੇਬਰ ਦੀ ਘਾਟ ਅਤੇ ਜੂਟ ਮਿੱਲਾਂ ਦੇ ਬੰਦ ਹੋਣ ਦੇ ਬਾਵਜੂਦ ਖਰੀਦ ਸ਼ੁਰੂ ਹੋਣ ਤੋਂ 19 ਦਿਨਾਂ ਵਿਚ ਹੀ 90 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ।
ਕਿਸਾਨਾਂ ਦੀ ਫ਼ਸਲ ਦੇ ਦਾਣੇ-ਦਾਣੇ ਦੀ ਪਰੇਸ਼ਾਨੀ ਮੁਕਤ ਖਰੀਦ ਨੂੰ ਯਕੀਨੀ ਬਣਾਉਣ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਮੁਸ਼ਕਲ ਸਮੇਂ ਵਿਚ ਕਿਸਾਨਾਂ ਦੀ ਸੋਖ ਲਈ 4000 ਤੋਂ ਵੱਧ ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ ਜਦਕਿ ਬੀਤੇ ਵਰ੍ਹੇ ਸਾਲ 2019 ਵਿਚ 1800 ਖਰੀਦ ਕੇਂਦਰ ਬਣਾਏ ਗਏ ਸਨ ਅਤੇ ਵਿਭਾਗ ਕੋਲ ਉਸ ਸਮੇਂ ਵੀ ਉਨ੍ਹਾਂ ਹੀ ਸਟਾਫ਼ ਸੀ ਜਿੰਨਾ ਅੱਜ ਹੈ। ਇਸ ਤੋਂ ਇਲਾਵਾ, ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਵਾਧੂ ਪ੍ਰਬੰਧ ਕੀਤੇ ਗਏ ਹਨ ਜਿਨ੍ਹਾਂ ਵਿਚ ਕਿਸਾਨਾਂ ਨੂੰ ਟੋਕਨ ਜਾਰੀ ਕਰਨਾ, ਲੋੜੀਂਦੇ ਸੈਨੇਟਾਈਜ਼ਰ, ਮਾਸਕ, ਪੈਰਾਂ ਨਾਲ ਚੱਲਣ ਵਾਲੀਆਂ ਪਾਣੀ ਦੀਆਂ ਟੈਂਕੀਆਂ ਆਦਿ ਸ਼ਾਮਲ ਹਨ।
ਤਾਲਾਬੰਦੀ ਅਤੇ ਕਰਫਿਊ ਦੌਰਾਨ ਲੇਬਰ ਦੀ ਘਾਟ ਦੇ ਚੱਲਦਿਆਂ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਹੋਰਨਾਂ ਰਾਜਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਵੱਲੋਂ ਹੁਣ ਤੱਕ 1031 ਵਿਸ਼ੇਸ਼ ਰੇਲ ਗੱਡੀਆਂ ਰਾਹੀਂ 25.77 ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲ ਲੋਡ ਕੀਤੇ ਗਏ ਹਨ ਜੋ ਦੇਸ਼ ਭਰ ਵਿੱਚ ਸਪਲਾਈ ਕੀਤੇ ਕੁੱਲ ਅਨਾਜ ਦਾ 44 ਫੀਸਦ ਬਣਦਾ ਹੈ।
ਸ੍ਰੀ ਆਸ਼ੂ ਨੇ ਦੱਸਿਆ ਕਿ ਸੂਬੇ ਵਿਚ ਰੋਜ਼ਾਨਾ 5 ਲੱਖ ਮੀਟ੍ਰਿਕ ਟਨ ਤੋਂ ਵੀ ਵੱਧ ਲਿਫਟਿੰਗ ਹੋ ਰਹੀ ਹੈ ਤਾਂ ਜੋ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਮੰਡੀਆਂ ਵਿੱਚ ਥਾਂ ਦੀ ਘਾਟ ਕਾਰਨ ਕਿਸੇ ਵੀ ਕਿਸਾਨ ਨੂੰ ਇੰਤਜ਼ਾਰ ਨਾ ਕਰਨਾ ਪਵੇ। ਮੰਤਰੀ ਨੇ ਅੱਗੇ ਕਿਹਾ ਕਿ ਆਰਥਿਕ ਸੰਕਟ ਦੇ ਇਸ ਸਮੇਂ ਵਿੱਚ ਸੂਬਾ ਸਰਕਾਰ ਨੇ ਹੁਣ ਤੱਕ ਆਪਣੀ ਖੇਤੀ ਆਰਥਿਕਤਾ ਵਿੱਚ 10000 ਕਰੋੜ ਰੁਪਏ ਦਾ ਪਾਏ ਹਨ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਜੂਟ ਮਿੱਲਾਂ ਬੰਦ ਹੋਣ ਦੇ ਬਾਵਜੂਦ ਵੀ ਬਰਦਾਨਾ ਦੀ ਕੋਈ ਕਿੱਲਤ ਨਹੀਂ ਹੈ ਕਿਉਂਕਿ ਸੂਬੇ ਨੇ ਪਹਿਲਾਂ ਹੀ ਪੀ.ਪੀ. ਬੈਗਾਂ ਦੇ ਬਦਲਵੇਂ ਪ੍ਰਬੰਧ ਕਰ ਲਏ ਸਨ ਅਤੇ ਇਸ ਵਾਰ ਇਹਨਾਂ ਦੀ ਥਾਂ ’ਤੇ ਗੱਟੇ ਵਰਤੇ ਜਾ ਰਹੇ ਹਨ।
ਦੇਸ਼ ਵਿਚ ਖੁਰਾਕੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਲਈ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦਾ ਧੰਨਵਾਦ ਕਰਦੇ ਹੋਏ ਸ੍ਰੀ ਆਸ਼ੂ ਨੇ ਇਹ ਵੀ ਦੁਹਰਾਇਆ ਕਿ ਕੋਵਿਡ -19 ਵਿਰੁੱਧ ਲੜਾਈ ਦੌਰਾਨ ਕਿਸੇ ਨੂੰ ਵੀ ਭੋਜਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਨੂੰ ਭੋਜਨ ਮੁਹੱਈਆ ਕਰਾਉਣ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ, ਭਾਵੇਂ ਇਹ ਪੀ.ਐਮ.ਜੀ.ਕੇ.ਵਾਈ ਅਧੀਨ ਕਣਕ ਅਤੇ ਦਾਲ ਦੀ ਵੰਡ ਹੋਵੇ ਜਾਂ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਲੋੜਵੰਦ ਲੋਕਾਂ ਨੂੰ ਸੁੱਕੇ ਰਾਸ਼ਨ ਦੇ ਪੈਕਟ ਵੰਡਣਾ ਹੋਵੇ।