ਚੰਡੀਗੜ੍ਹ (ਅੰਕੁਰ )ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਨੂੰ ਅੱਜ ਪੰਚਕੂਲਾ ‘ਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਉਹ ਉੱਥੇ ਨਹੀਂ ਪਹੁੰਚੀ। ਵਿਪਾਸਨਾ ਨੇ ਕਿਹਾ ਕਿ ਉਹ ਸਿਹਤ ਖਰਾਬ ਹੋਣ ਕਾਰਨ ਜਾਂਚ ‘ਚ ਸ਼ਾਮਲ ਨਹੀਂ ਹੋ ਸਕਦੀ। ਐੱਸ.ਆਈ.ਟੀ. ਨੇ ਸੰਮਨ ਦੇ ਕੇ ਵਿਪਾਸਨਾ ਨੂੰ ਸੈਕਟਰ-23 ਥਾਣੇ ‘ਚ ਜਾਂਚ ਦੇ ਲਈ ਬੁਲਾਇਆ ਸੀ। ਪੁਲਸ ਵਿਪਾਸਨਾ ਅਤੇ ਹਨੀਪ੍ਰੀਤ ਨੂੰ ਆਹਮਣੇ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨਾ ਚਾਹੁੰਦੀ ਸੀ। ਇਸ ਦੇ ਨਾਲ ਹੀ ਪੁਲਸ ਵਿਪਾਸਨਾ ਤੋਂ ਪੰਚਕੂਲਾ ਹਿੰਸਾ ਨੂੰ ਲੈ ਕੇ ਵੀ ਪੁੱਛਗਿੱਛ ਕਰਨ ਵਾਲੀ ਸੀ।
ਇਸ ਤੋਂ ਪਹਿਲਾਂ ਹਨੀਪ੍ਰੀਤ ਅਤੇ ਡਰਾਈਵਰ ਰਾਕੇਸ਼ ਅਰੋੜ ਤੋਂ ਪੁਲਸ ਨੇ ਪੁੱਛਗਿੱਛ ਕੀਤੀ ਸੀ ਪਰ ਦੋਵਾਂ ਨੇ ਪੁਲਸ ਦੇ ਕਿਸੇ ਵੀ ਸਵਾਲ ਦਾ ਜਵਾਬ ਸਹੀ ਤਰੀਕੇ ਨਾਲ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਹਨੀਪ੍ਰੀਤ ਨੂੰ ਸੈਕਟਰ-23 ਸਥਿਤ ਚੰਡੀਮੰਦਿਰ ਪੁਲਸ ਸਟੇਸ਼ਨ ‘ਚ ਰੱਖਿਆ ਗਿਆ ਹੈ। ਅੱਜ ਹਨੀਪ੍ਰੀਤ ਦਾ 6 ਦਿਨਾਂ ਦਾ ਰਿਮਾਂਡ ਖਤਮ ਹੋ ਗਿਆ ਹੈ। ਇਸ ਲਈ ਅੱਜ ਹਨੀਪ੍ਰੀਤ ਨੂੰ ਪੰਚਕੂਲਾ ਕੋਰਟ ‘ਚ ਪੇਸ਼ ਕੀਤਾ ਜਾਵੇਗਾ, ਜਿਥੇ ਪੁਲਸ ਵਲੋਂ 4 ਦਿਨਾਂ ਦਾ ਹੋਰ ਰਿਮਾਂਡ ਮੰਗਣ ਦੀ ਤਿਆਰੀ ਕੀਤੀ ਗਈ ਹੈ।