ਪਾਕਿਸਤਾਨ ‘ਚ ਅੱਜ ਤੋਂ ਪੈਟਰੋਲ 272 ਰੁਪਏ ਪ੍ਰਤੀ ਲੀਟਰ
ਚੰਡੀਗੜ੍ਹ 16 ਫਰਵਰੀ(ਵਿਸ਼ਵ ਵਾਰਤਾ ਬਿਉਰੋ)- ਕੰਗਾਲੀ ਦੀ ਕਗਾਰ ਤੇ ਖੜ੍ਹੇ ਗੁਆਂਢੀ ਦੇਸ਼ ਪਾਕਿਸਤਾਨ ਦੀ ਸਰਕਾਰ ਨੇ ਬੀਤੇ ਕੱਲ੍ਹ ਲੋਕਾਂ ‘ਤੇ ਟੈਕਸਾਂ ਦਾ ਬੋਝ ਥੋਪਦੇ ਹੋਏ ਮਿੰਨੀ ਬਜਟ ਪੇਸ਼ ਕਰਨ ਤੋਂ ਬਾਅਦ ਦੇਰ ਸ਼ਾਮ ਪੈਟਰੋਲ ਦੀਆਂ ਕੀਮਤਾਂ ‘ਚ ਰਿਕਾਰਡ ਵਾਧਾ ਕੀਤਾ ਹੈ। ਪੈਟਰੋਲ ਦੀਆਂ ਕੀਮਤਾਂ ‘ਚ ਇਕ ਦਿਨ ‘ਚ 22 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜੋ ਅੱਜ ਯਾਨੀ ਵੀਰਵਾਰ ਤੋਂ ਲਾਗੂ ਹੋ ਗਿਆ ਹੈ। ਇਸ ਕਾਰਨ ਪਾਕਿਸਤਾਨ ‘ਚ ਪੈਟਰੋਲ ਦੀ ਕੀਮਤ 272 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਪਾਕਿਸਤਾਨ ਦੇ ਵਿੱਤ ਵਿਭਾਗ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧੇ ਪਿੱਛੇ ਪਾਕਿਸਤਾਨ ਦੀ ਕਰੰਸੀ ਵਿੱਚ ਆਈ ਗਿਰਾਵਟ ਨੂੰ ਜ਼ਿੰਮੇਵਾਰ ਦੱਸਿਆ ਹੈ। ਦੂਜੇ ਪਾਸੇ ਰਿਪੋਰਟਾਂ ਮੁਤਾਬਕ ਪਾਕਿਸਤਾਨ ਇਹ ਸਭ ਕੁਝ IMF ਨੂੰ ਲੁਭਾਉਣ ਲਈ ਕਰ ਰਿਹਾ ਹੈ। ਦਰਅਸਲ, IMF ਨੇ ਪਾਕਿਸਤਾਨ ਅੱਗੇ ਕਰਜ਼ਾ ਦੇਣ ਲਈ ਜੋ ਸ਼ਰਤਾਂ ਰੱਖੀਆਂ ਸਨ, ਉਨ੍ਹਾਂ ਵਿਚੋਂ ਇਕ ਇਹ ਸੀ ਕਿ ਉਹ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰੇ।
ਪਾਕਿਸਤਾਨ ਵਿੱਚ ਸਿਰਫ਼ ਪੈਟਰੋਲ ਹੀ ਨਹੀਂ ਸਗੋਂ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੇ ਜਾਣ ਵਾਲੇ ਮਿੱਟੀ ਦੇ ਤੇਲ, ਲਾਈਟ ਡੀਜ਼ਲ ਅਤੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ।