ਸਾਹਿਤਕ ਮੇਲਾ ਨੌਜੁਆਨਾਂ ਨੂੰ ਸੈਨਾ ਵਿੱਚ ਭਵਿੱਖ ਬਣਾਉਣ ਲਈ ਉਤਸ਼ਾਹਿਤ ਕਰੇਗਾ-ਪੰਜਾਬ ਦੇ ਰਾਜਪਾਲ ਅਤੇ ਵਿੱਤ ਮੰਤਰੀ ਨੇ ਆਸ ਪ੍ਰਗਟਾਈ
ਚੰਡੀਗੜ੍ਹ, 8 ਦਸੰਬਰ (ਵਿਸ਼ਵ ਵਾਰਤਾ)- ਦੇਸ਼ ਦਾ ਪਹਿਲਾ ਮਿਲਟਰੀ ਸਾਹਿਤ ਮੇਲਾ ਸ਼ੁੱਕਰਵਾਰ ਨੂੰ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਇਸ ਦੀ ਰਸਮੀ ਸ਼ੁਰੂਆਤ ਦੇ ਐਲਾਨ ਨਾਲ ਆਰੰਭ ਹੋਇਆ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਾਹਿਤਕ ਮੇਲਾ ਜਿੱਥੇ ਨੌਜੁਆਨ ਪੀੜ੍ਹੀ ਲਈ ਦੇਸ਼ ਦੀ ਅਮੀਰ ਤੇ ਮਾਣਮੱਤੀ ਫੌਜੀ ਵਿਰਾਸਤ ਨੂੰ ਜਾਣਨ ਤੇ ਪੜ੍ਹਨ ਦਾ ਪ੍ਰਭਾਵਸ਼ਾਲੀ ਮੰਚ ਸਾਬਤ ਹੋਵੇਗਾ, ਉਥੇ ਹੀ ਨੌਜਵਾਨਾਂ ਵਾਸਤੇ ਦੇਸ਼ ਦੇ ਬਹਾਦਰ ਤੇ ਹਥਿਆਰਬੰਦ ਬਲਾਂ ਦਾ ਹਿੱਸਾ ਬਣਨ ਲਈ ਪ੍ਰੇਰਨਾਦਾਇਕ ਸਿੱਧ ਹੋਵੇਗਾ।
ਵੱਡੀ ਗਿਣਤੀ ਵਿੱਚ ਉੱਘੇ ਫੌਜੀ ਅਧਿਕਾਰੀਆਂ, ਸਾਬਕਾ ਸੈਨਿਕਾਂ, ਬੁੱਧੀਜੀਵੀਆਂ, ਵਿਦਵਾਨਾਂ, ਲੇਖਕਾਂ, ਪੱਤਰਕਾਰਾਂ, ਜੰਗੀ ਨਾਮਾਨਿਗਾਰਾਂ, ਇਤਿਹਾਸਕਾਰਾਂ, ਕਵੀਆਂ, ਕਲਾਕਾਰਾਂ, ਖੋਜੀਆਂ ਅਤੇ ਉਦਯੋਗਪਤੀਆਂ ਵੱਲੋਂ ਇਸ ਨਿਵੇਕਲੇ ਮੰਚ ‘ਤੇ ਆ ਕੇ ਆਪਣੇ ਤਜਰਬੇ ਅਤੇ ਅੰਤਰਝਾਤ ਨੂੰ ਸਾਂਝਾ ਕਰਨ ਨੂੰ, ਰਾਜਪਾਲ ਪੰਜਾਬ ਨੇ ਬੱਚਿਆਂ ਖਾਸ ਕਰ ਦੂਰ-ਦੁਰਾਡੇ ਇਲਾਕਿਆਂ ਦੇ ਬੱਚਿਆਂ ਨੂੰ ਫੌਜੀ ਅਧਿਕਾਰੀਆਂ, ਕਰਮਚਾਰੀਆਂ, ਸਾਬਕਾ ਸੈਨਿਕਾਂ ਤੇ ਜੰਗੀ ਮਾਹਿਰਾਂ ਨਾਲ ਗੱਲਬਾਤ ਦਾ ਸਹੀ ਮੌਕਾ ਕਰਾਰ ਦਿੱਤਾ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੋ ਕਿ ਸਾਬਕਾ ਕੈਪਟਨ ਅਤੇ ਉੱਘੇ ਫੌਜੀ ਇਤਿਹਾਸਕਾਰ ਵੀ ਹਨ, ਨੂੰ ਇਹ ਸਾਹਿਤਕ ਮੇਲਾ ਕਰਵਾਉਣ ਦੀ ਵਧਾਈ ਦਿੱਤੀ ਜਿਸ ਨੇ ਪੰਜਾਬੀਆਂ ਦੀ ਨਾ ਝੁਕਣ ਵਾਲੀ ਇੱਛਾ ਸ਼ਕਤੀ ਅਤੇ ਦੇਸ਼ ਦੇ ਅਜ਼ਾਦੀ ਸੰਘਰਸ਼ ਵਿੱਚ ਲਾ-ਮਿਸਾਲ ਯੋਗਦਾਨ ਨੂੰ ਉਭਾਰਿਆ ਹੈ।
ਉਨ੍ਹਾਂ ਕਿਹਾ ਕਿ ਸਦੀਆਂ ਤੋਂ ਉਪਜੀਆਂ ਯੁੱਧ ਕਥਾਵਾਂ ਅਤੇ ਹੌਂਸਲੇ, ਆਨ ਤੇ ਬਲਿਦਾਨ ਦੀਆਂ ਕਵਿਤਾਵਾਂ ਅੱਜ ਸੁਣਨ ਨੂੰ ਮਿਲੀਆਂ ਹਨ। ਅਸੀਕਨੀ ਅਤੇ ਵਿਪਾਸਾ ਜਾਂ ਆਧੁਨਿਕ ਚਨਾਬ ਤੇ ਰਾਵੀ ਵਿਚਾਲੇ ਵਸਦੇ ਕਬੀਲੇ ਭਾਰਾਤਸ ਜਿਸ ਨੇ ਵਿਸ਼ਵ ਦੀ ਸਭ ਤੋਂ ਲੰਬੀ ਯੁੱਧ ਕਲਾ ਕਵਿਤਾ ਨੂੰ ਆਪਣਾ ਨਾਮ ਮਹਾਂਭਾਰਤ ਦਿੱਤਾ ਅਤੇ ਇਸ ਦੇ ਨਾਲ ਭਾਰਤ ਦਾ ਨਾਮ ਵੀ ਦਿੱਤਾ। ਇਸ ਧਰਤੀ ਨੇ ਮਹਾਨ ਸੰਤਾਂ, ਭਗਤਾਂ, ਜੰਗੀ ਯੋਧਿਆਂ ਅਤੇ ਰਾਜਿਆਂ ਨੂੰ ਜਨਮ ਵੀ ਦਿੱਤਾ। ਉਨ੍ਹਾਂ ਆਖਿਆ ਕਿ ਬਾਅਦ ਵਾਲੇ ਸਮਿਆਂ ਵਿੱਚ ਇਹ ਪੰਜਾਬ ਹੀ ਸੀ, ਜਿਸ ਨੇ 1947 ਤੋਂ ਬਾਅਦ ਦੇਸ਼ ਦੀ ਰਾਖੀ ਲਈ ਲੱਖਾਂ ਲੋਕ ਦਿੱਤੇ।
ਸ੍ਰੀ ਬਦਨੌਰ ਨੇ ਅੱਗੇ ਕਿਹਾ ਕਿ ਹੌਂਸਲਾ ਅਤੇ ਸਾਹਸ ਸਾਰੀਆਂ ਕੌਮਾਂ ਦਾ ਇੱਕੋ ਜਿਹਾ ਹੀ ਹੁੰਦਾ ਹੈ ਕਿਉਂ ਜੋ ਉਹ ਸਾਰੀਆਂ ਕੌਮਾਂ ਬਹਾਦਰ ਤੇ ਦ੍ਰਿੜ ਹੁੰਦੀਆਂ ਹਨ। ਉਨ੍ਹਾਂ ਆਖਿਆ ਕਿ ਯੁੱਧ ਕਲਾ ਕੇਵਲ ਲੜਾਈ ਦਾ ਬਿਰਤਾਂਤ ਹੀ ਨਹੀਂ ਹੁੰਦਾ ਸਗੋਂ ਇਸ ਨੂੰ ਰੋਕਣ ਲਈ ਵੀ ਹੁੰਦੀ ਹੈ। ਸਰੋਤਿਆਂ ਨੂੰ ਸਨ ਤਸੂ ਦੀ ਕਹਾਵਤ ਕਿ ਅਸਲ ਯੁੱਧ ਕਲਾ ਉਹ ਹੁੰਦੀ ਹੈ ਜਿੱਥੇ ਜੰਗ ਬਿਨਾਂ ਲੜੇ ਤੋਂ ਜਿੱਤੀ ਜਾਵੇ, ਸੁਣਾ ਕੇ ਉਨ੍ਹਾਂ ਇਸ ਬਾਰੇ ਸਪੱਸ਼ਟ ਵੀ ਕੀਤਾ।
ਸ੍ਰੀ ਬਦਨੌਰ ਨੇ ਦੇਸ਼ ਦਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ, ਪਰਮਵੀਰ ਚੱਕਰ ਹਾਸਲ ਕਰਨ ਵਾਲੇ ਤਿੰਨ ਜੀਵਤ ਸੈਨਿਕਾਂ, ਕੈਪਟਨ ਬਾਨਾ ਸਿੰਘ, ਸੂਬੇਦਾਰ ਜੋਗਿੰਦਰ ਯਾਦਵ ਅਤੇ ਨਾਇਬ ਸੂਬੇਦਾਰ ਸੰਜੇ ਕੁਮਾਰ ਨੂੰ ਸਲਾਮ ਵੀ ਕੀਤਾ ਅਤੇ ਸਨਮਾਨਿਤ ਵੀ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਪੰਜਾਬ ਨੂੰ ਦੇਸ਼ ਦੀ ਖੜਗ ਭੁਜਾ ਹੋਣ ਦਾ ਮਾਣ ਹਾਸਲ ਹੈ। ਉਨ੍ਹਾਂ ਕਿਹਾ ਕਿ ਸੂਬੇ ਕੋਲ ਦੇਸ਼ ਦੇ ਸਭ ਤੋਂ ਬਿਹਤਰੀਨ ਅਤੇ ਬਹੁਤ ਹੀ ਮਾਹਿਰ ਤੇ ਨਿਪੁੰਨ ਸਿਪਾਹੀ ਤੇ ਸਾਬਕਾ ਸਿਪਾਹੀ ਹੋਣ ਦਾ ਮਾਣ ਹੈ, ਜਿਨ੍ਹਾਂ ਨੇ ਦੇਸ਼ ਨੂੰ ਅੰਦਰੂਨੀ ਅਤੇ ਬਾਹਰੀ ਹਮਲਾਵਰਾਂ ਤੋਂ ਆਪਣੀ ਅਸਧਾਰਨ ਬਹਾਦਰੀ ਅਤੇ ਯੁੱਧ ਕਲਾ ਵਿੱਚ ਨਿਪੁੰਨਤਾ ਨਾਲ ਬਚਾਇਆ ਹੈ।
ਉਨ੍ਹਾਂ ਆਸ ਪ੍ਰਗਟਾਈ ਕਿ ਇਹ ਫੌਜੀ ਸਾਹਿਤਕ ਮੇਲਾ ਨੌਜੁਆਨਾਂ ਨੂੰ ਸੈਨਾ ਵਿੱਚ ਆਉਣ ਲਈ ਪ੍ਰੇਰਨ ਦੇ ਨਾਲ-ਨਾਲ, ਉਨ੍ਹਾਂ ਵਿੱਚ ਲੰਬੇ ਸਮੇਂ ਲਈ ਰਾਸ਼ਟਰ ਪ੍ਰੇਮ ਤੇ ਦੇਸ਼ ਭਗਤੀ ਦੀ ਭਾਵਨਾ ਪ੍ਰਚੰਡ ਕਰੇਗਾ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਦਰਸ਼ੀ ਅਗਵਾਈ ਵਿੱਚ ਪੰਜਾਬ ਜਲਦ ਹੀ ਮੋਹਰੀ ਸੂਬੇ ਵਜੋਂ ਉਭਰੇਗਾ ਅਤੇ ਸਰਬਪੱਖੀ ਵਿਕਾਸ, ਖੁਸ਼ਹਾਲੀ ਅਤੇ ਸ਼ਾਂਤੀ ਦਾ ਸੂਚਕ ਹੋਵੇਗਾ।
ਲੈਫ਼ਟੀਨੈਟ ਜਨਰਲ ਸੁਰਿੰਦਰ ਸਿੰਘ, ਏ.ਵੀ.ਐਸ.ਐਮ., ਜਨਰਲ ਆਫੀਸਰ ਕਮਾਂਡਿੰਗ ਇੰਨ ਚੀਫ਼, ਪੱਛਮੀ ਕਮਾਂਡ ਨੇ ਕਿਹਾ ਕਿ ਇਹ ਸਾਹਿਤਕ ਮੇਲਾ ਭਵਿੱਖ ਵਿੱਚ ਫੌਜੀ ਅਕਾਦਮੀਸ਼ੀਅਨਾਂ ਅਤੇ ਮਾਹਿਰਾਂ ਦੀ ਵੱਡੇ ਪੱਧਰ ‘ਤੇ ਸ਼ਮੂਲੀਅਤ ਕਰਵਾ ਕੇ, ਨਾਗਰਿਕਾਂ ਨੂੰ ਭਾਰਤੀ ਫੌਜ ਦੇ ਮਾਣਮੱਤੇ ਇਤਿਹਾਸ ਨਾਲ ਰੂ-ਬ-ਰੂ ਕਰਵਾਉਣ ਤੋਂ ਇਲਾਵਾ ਚੱਲ ਰਹੀਆਂ ਫੌਜੀ ਗਤੀਵਿਧੀਆਂ ਨਾਲ ਵਾਹ-ਵਾਸਤਾ ਕਰਵਾ ਕੇ ਉਨ੍ਹਾਂ ਦੇ ਮਨਾਂ ਵਿੱਚ ਭਾਰਤੀ ਫੌਜ ਬਾਰੇ ਪਾਈਆਂ ਜਾਂਦੀਆਂ ਗਲਤ ਧਾਰਨਾਵਾਂ ਅਤੇ ਗਲਤ ਫ਼ਹਿਮੀਆਂ ਨੂੰ ਦੂਰ ਕਰਨ ਦਾ ਸੋਮਾ ਵੀ ਬਣੇਗਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਮੰਗ ਕਰਦਾ ਹੈ ਕਿ ਦੇਸ਼ ਦੇ ਲੋਕਾਂ ਨੂੰ ਦੇਸ਼ ਦੀ ਫੌਜੀ ਤਾਕਤ ਅਤੇ ਤਿਆਰੀ ਤੋਂ ਜਾਣੂ ਕਰਵਾਇਆ ਜਾਵੇ।
ਉਦਘਾਟਨੀ ਸੈਸ਼ਨ ਦੀ ਕਾਰਵਾਈ ਲੈਫ. ਜਨਰਲ ਟੀ.ਐਸ. ਸ਼ੇਰਗਿੱਲ ਸੀਨੀਅਰ ਸਲਾਹਕਾਰ ਮੁੱਖ ਮੰਤਰੀ ਪੰਜਾਬ ਵੱਲੋਨ ਚਲਾਈ ਗਈ।
ਇਹ ਫੌਜੀ ਸਾਹਿਤਕ ਮੇਲਾ ਪੰਜਾਬ ਸਰਕਾਰ, ਚੰਡੀਗੜ੍ਹ ਪ੍ਰਸ਼ਾਸ਼ਨ ਅਤੇ ਭਾਰਤੀ ਫੌਜ ਦੀ ਪੱਛਮੀ ਕਮਾਂਡ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਗਿਆ ਹੈ।