ਤੰਦਰੁਸਤ ਰਹਿਣ ਲਈ ਲਿਵਰ ਦਾ ਧਿਆਨ ਰੱਖਣਾ ਅਤੇ ਸਮੇਂ ਸਮੇਂ ਤੇ ਇਸਦੇ ਟੈਸਟ ਕਰਵਾਉਣੇ ਜਰੂਰੀ
ਫਾਜ਼ਿਲਕਾ 22 ਅਪ੍ਰੈਲ (ਵਿਸ਼ਵ ਵਾਰਤਾ):- ਸਿਹਤ ਵਿਭਾਗ ਵਲੋਂ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਬੀਮਾਰੀਆਂ ਤੋਂ ਬਚਣ ਲਈ ਜਾਗਰੁਕ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਜਿਲ੍ਹਾ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਵਿਸ਼ਵ ਲਿਵਰ ਦਿਵਸ ਦੇ ਸਬੰਧ ਵਿਚ ਸਿਵਲ ਹਸਪਤਾਲ ਵਿਖੇ ਦੌਰਾ ਕੀਤਾ ਗਿਆ।
ਇਸ ਦੌਰਾਨ ਮਾਸ ਮੀਡੀਆ ਵਿੰਗ ਤੋ ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ ਨੇ ਦੱਸਿਆ ਕਿ ਲਿਵਰ ਦੀਆਂ ਬੀਮਾਰੀਆਂ ਦੀ ਸਮੇਂ ਸਿਰ ਪਹਿਚਾਣ, ਬਚਾਅ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਹਰ ਸਾਲ 19 ਅਪ੍ਰੈਲ ਵਿਸ਼ਵ ਲਿਵਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਲਿਵਰ ਦੀਆ ਬੀਮਾਰੀਆਂ ਸਬੰਧੀ ਜਾਗਰੁਕ ਕੀਤਾ ਜਾ ਸਕੇ । ਉਨ੍ਹਾ ਕਿਹਾ ਕਿ ਲਿਵਰ ਸਾਡੇ ਸਰੀਰ ਦਾ ਮਹੱਤਪੂਰਣ ਅੰਗ ਹੈ ਅਤੇ ਸਾਡੀ ਖੁਰਾਕ ਨੂੰ ਪਚਾਉਣ ਦੇ ਨਾਲ ਨਾਲ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਪੈਦਾ ਕਰਦਾ ਹੈ, ਜਹਿਰੀਲੇ ਪਦਾਰਥਾਂ ਦੀ ਫਿਲਟਰੇਸ਼ਨ ਵੀ ਕਰਦਾ ਹੈ।
ਇਸ ਦੇ ਨਾਲ ਨਾਲ ਲਿਵਰ ਵਿਟਾਮਨਜ਼, ਮਿਨਰਲ ਅਤੇ ਗਲੂਕੋਜ਼ ਦੀ ਸਟੋਰੇਜ਼ ਕਰਦਾ ਹੈ ਅਤੇ ਲੋੜ ਪੈਣ ਤੇ ਸਰੀਰ ਨੂੰ ਪ੍ਰਦਾਨ ਕਰਦਾ ਹੈ । ਇਸ ਮੋਕੇ ਇਸ ਸਾਲ ਵਿਸ਼ਵ ਲਿਵਰ ਦਿਵਸ ਦਾ ਥੀਮ “ਆਪਣੇ ਜਿਗਰ ਨੂੰ ਸਿਹਤਮੰਦ ਅਤੇ ਰੋਗ ਮੁਕਤ ਰੱਖੋ” ਹੈ। ਸਾਨੂੰ ਆਪਣੇ ਲਿਵਰ ਨੂੰ ਤੰਦਰੁਸਤ ਰੱਖਣ ਲਈ ਜਾਗੁਰਕ ਰਹਿਣਾ ਚਾਹੀਦਾ ਹੈ ਅਤੇ ਸਮੇਂ ਸਮੇਂ ਤੇ ਇਸ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।ਫੈਟੀ ਲਿਵਰ ਹਰੇਕ ਇਨਸਾਨ ਚਾਹੇ ਉਸਨੂੰ ਮੋਟਾਪਾ ਹੋਵੇ ਜਾਂ ਨਾ ਹੋਵੇ ਸਾਰਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਵਿਚ ਲਗਭਗ 20 ਲੱਖ ਲੋਕ ਲਿਵਰ ਦੀਆਂ ਬੀਮਾਰੀਆਂ ਕਾਰਨ ਮਰ ਜਾਂਦੇ ਹਨ ।ਜਿਆਦਾ ਮੋਟਾਪੇ ਵਾਲੇ ਲੋਕ, ਸ਼ੂਗਰ ਦੀ ਬੀਮਾਰੀ ਤੋਂ ਪੀੜਤ, ਸ਼ਰਾਬ ਪੀਣ ਵਾਲੇ ਲੋਕ ਅਤੇ ਤੰਬਾਕੂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਲਿਵਰ ਦੀਆਂ ਬੀਮਾਰੀਆਂ ਹੋਣ ਦਾ ਜਿਆਦਾ ਖਤਰਾ ਹੁੰਦਾ ਹੈ।ਜੇਕਰ ਸਾਨੂੰ ਭੁੱਖ ਘੱਟ ਲਗਦੀ ਹੈ, ਸਰੀਰ ਸੁਸਤ ਰਹਿੰਦਾ ਹੈ, ਪੇਟ ਵਿਚ ਦਰਦ ਤਾਂ ਸਾਨੂੰ ਤੁਰੰਤ ਲਿਵਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਦਾ ਲਿਵਰ ਫੈਟੀ ਹੋਵੇ ਤਾਂ ਇਸ ਨੂੰ ਹਲਕੇ ਵਿਚ ਨਹੀ ਲੈਣਾ ਚਾਹੀਦਾ ਕਿਉਂਕਿ ਇਹ ਲਿਵਰ ਦੀਆਂ ਗੰਭੀਰ ਬੀਮਾਰੀਆਂ ਦੀ ਸ਼ੁਰੂਆਤ ਹੋ ਸਕਦਾ ਹੈ । ਲਿਵਰ ਦੀਆਂ ਬੀਮਾਰੀਆਂ ਤੋਂ ਬਚਣ ਲਈ ਸੰਤੁਲਤ ਘਰ ਦਾ ਬਣਿਆ ਭੋਜਨ ਜਿਸ ਵਿਚ ਹਰੀਆਂ ਸਬਜੀਆਂ ਅਤੇ ਫਲਾਂ ਦੀ ਮਾਤਰਾ ਜਿਆਦਾ ਹੋਵੇ ਦਾ ਇਸਤਮਾਲ ਕਰਨਾਂ ਚਾਹੀਦਾ ਹੈ ਅਤੇ ਰੈਗੂਲਰ ਕਸਰਤ ਕਰਨੀ ਚਾਹੀਦੀ।
ਉਹਨਾਂ ਨੇ ਕਿਹਾ ਕਿ ਹੈਪਾਟਾਇਟਸ ਬੀ ਅਤੇ ਸੀ ਲਿਵਰ ਦੀਆਂ ਗੰਭੀਰ ਬੀਮਾਰੀਆਂ ਹਨ ਇਸ ਲਈ ਸਾਨੂ ਇਨ੍ਹਾ ਤੋਂ ਬਚਣ ਲਈ ਹੈਪਾਟਾਇਟਸ-ਬੀ ਦੀ ਸਮੇਂ ਸਮੇਂ ਵੈਕਸੀਨੇਸ਼ਨ ਕਰਵਾਉਂਦੇ ਰਹਿਣਾ ਚਾਹੀਦਾ ਹੈ। ਹੈਪਾਟਾਇਟਸ ਬੀ ਅਤੇ ਸੀ ਤੋਂ ਬਚਣ ਲਈ ਅਸੁਰੱਖਿਅਤ ਸਰੀਰਕ ਸਬੰਧ ਤੋਂ ਪ੍ਰਹੇਜ਼ ਕਰਨਾ ਚਾਹੀਦਾ ਅਤੇ ਦੂਸ਼ਿਤ ਸਰਿੰਜ ਸੂਈ ਦੀ ਵਰਤੋਂ ਨਹੀ ਕਰਨੀ ਚਾਹੀਦੀ। ਉਨ੍ਹਾ ਕਿਹਾ ਕਿ ਪ੍ਰੋਟੀਨ ਅਤੇ ਫਾਇਬਰ ਯੁਕਤ ਖੁਰਾਕ ਲੈਣੀ ਚਾਹੀਦੀ ਹੈ ਅਤੇ ਸਾਨੂੰ ਤਨਾਅ ਮੁਕਤ ਰਹਿਣ ਲਈ ਰੈਗੂਲਰ ਕਸਰਤ ਦੇ ਨਾਲ ਯੋਗਾ ਵੀ ਕਰਨਾ ਚਾਹੀਦਾ ਹੈ, ਸ਼ਰਾਬ ਅਤੇ ਤੰਬਾਕੂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਅਤੇ ਡਾਕਟਰ ਦੀ ਸਲਾਹ ਤੋਂ ਬਿਨ੍ਹਾ ਦਵਾਈਆਂ ਦੀ ਵਰਤੋਂ ਨਹੀ ਕਰਨੀ ਚਾਹੀਦੀ।